Poetry collection · 39 poems

Dil Ka Radio in Punjabi at 1.30 PM

Rahul Narang · Punjabi edition, 2026

Thirty-nine poems in Punjabi (Gurmukhi): longing for the Beloved, surrender to His will (raza, hukam) and prayer (ardaas), the inner journey from waking to turiya and the five kakars and five koshas, and wry looks at modern life, from phones and A.I. to tea and coffee. The Punjabi companion to Dil Ka Radio at 1.30 PM.

ਤਤਕਰਾ · Contents

  1. 01ਆਖਿਰੀ ਸਾਹ
  2. 02ਪਿਆਰ ਤੇ ਖ਼ੁਮਾਰ
  3. 03ਰਜ਼ਾ-ਏ-ਇਸ਼ਕ
  4. 04ਅਜ਼ਲੀ ਸਾਂਝ
  5. 05ਤਰੀਕਾਂ
  6. 06ਤਸਵੀਰ-ਏ-ਯਾਰ
  7. 07ਅਰਦਾਸ / Ardaas)
  8. 08ਆਖ਼ਰੀ ਉਡੀਕ
  9. 09ਰਿਹਾਈ
  10. 10ਆਸਥਾ ਦੀ ਉਡਾਰੀ
  11. 11ਤੇਰੀ ਤਲਾਸ਼
  12. 12ਹੁਕਮਿ ਰਜਾਈ
  13. 13ਰਜ਼ਾ ਤੇ ਕਰਮ
  14. 14ਭੁਲੇਖਾ ਤੇ ਰਜ਼ਾ
  15. 15ਭਰੋਸੇ ਦੀ ਉਡਾਨ
  16. 16ਬੇਚੈਨੀ
  17. 17ਗੁੰਜਲਾਂ
  18. 18ਜਾਗ੍ਰਤ ਤੋਂ ਤੁਰੀਆ: ਇੱਕ ਸਫ਼ਰ
  19. 19ਖੁਦਾਈ ਤੇ ਤਨਹਾਈ
  20. 20ਮੇਰੀ ਖਤਾ
  21. 21ਅੰਤਿਮ ਅਦਾਲਤ
  22. 22ਹਿਸਾਬ-ਏ-ਜ਼ਿੰਦਗੀ
  23. 23ਤਾਮੀਰ-ਏ-ਕਰਤਾਰ
  24. 24ਨਿਰਗੁਣ ਦਾ ਆਕਾਰ
  25. 25ਮੈਂ ਵੀ ਤੂੰ
  26. 26ਕੈਦ ਤੋਂ ਮੁਕਤੀ
  27. 27ਪੰਜ ਕਕਾਰ ਅਤੇ ਪੰਜ ਕੋਸ਼: ਇੱਕ ਰੂਹਾਨੀ ਯਾਤਰਾ
  28. 28ਮਾਸੂਮ ਮੁਰਸ਼ਦ (The Innocent Teacher)
  29. 29ਇਨਸਾਨੀਅਤ ਦੀ ਮਿਸਾਲ
  30. 30ਫਰਕ
  31. 31ਜ਼ਰੂਰਤ ਅਤੇ ਚਾਹਤ
  32. 32ਕੈਦ ਪਰਿੰਦੇ ਤੇ ਸ਼ਹਿਰੀ ਪਿੰਜਰਾ
  33. 33ਮਾਂ: ਆਦਿ-ਸ਼ਕਤੀ ਦਾ ਪ੍ਰਤੀਬਿੰਬ
  34. 34ਸਿਰਲੇਖ: ਇਨਸਾਨ, ਮਸ਼ੀਨ ਤੇ ਗੁਲਾਮੀ
  35. 35ਚਾਹ ਤੇ ਕੌਫ਼ੀ
  36. 36ਝੱਲੇ ਦਾ ਝੱਲਾ
  37. 37ਬੇਪਰਵਾਹੀ
  38. 38ਗ਼ਰੂਰ ਤੇ ਪਛਤਾਵਾ
  39. 39ਹਸਰਤਾਂ ਦਾ ਚੱਕਰ

ਆਖਿਰੀ ਸਾਹ

01 of 39 · contents ↑

ਮੈਂ ਕਦੋਂ ਤੀਕ ਤੈਨੂੰ ਉਡੀਕਦਾ ਰਹਾਂ,ਤੂੰ ਵੀ ਤੇ ਕਰ ਕੋਸ਼ਿਸ਼, ਦੀਦਾਰ ਦੀ।

ਇਹ ਸਾਰਾ ਜਗ ਹੱਸ ਰਿਹਾ ਮੇਰੇ 'ਤੇ,ਤੈਨੂੰ ਵੀ ਤਾਂ ਕਦਰ ਹੋਵੇ, ਪਿਆਰ ਦੀ।

ਤੇਰੇ ਆਸ਼ਿਕਾਂ ਦੀ ਲੰਬੀ ਫਹਿਰਿਸਤ 'ਚ,ਕਾਸ਼! ਸਾਡਾ ਨਾਂ ਵੀ ਸ਼ੁਮਾਰ ਹੋਵੇ ਕਦੀ।

ਹੁਣ ਤੇ ਜਾਨ ਵੀ ਜਾਣ ਲੱਗੀ ਹੈ,ਬੱਸ ਇੱਕ ਸਾਹ ਹੈ ਬਚਿਆ, ਤੇਰੇ ਨਾਂ ਦਾ।

ਪਿਆਰ ਤੇ ਖ਼ੁਮਾਰ

02 of 39 · contents ↑

ਅੱਜ ਜਦੋਂ ਤੇਰੇ ਨਾਂ ਦਾ ਜ਼ਿਕਰ ਆਇਆ,ਮੇਰੇ ਦਿਲ ਵਿਚ ਇਕ ਹੋਰ ਫ਼ਿਕਰ ਆਇਆ।

ਉਸ ਨੂੰ ਅਜ਼ਮਾਉਣ ਲਈ ਮੈਂ ਕੀ ਕੁਝ ਨਹੀਂ ਕੀਤਾ,ਪਰ ਉਸ ਨੇ ਮੈਨੂੰ ਕਦੇ ਬਦਨਾਮ ਨਹੀਂ ਕੀਤਾ।

ਹੁਣ ਮੇਰੀ ਹਸਤੀ ਬਸ ਉਸਦੀ ਰਜ਼ਾ 'ਤੇ ਹੈ,ਅੱਜ ਜਾ ਕੇ ਮੈਨੂੰ ਇਹ ਫ਼ਰਕ ਸਮਝ ਆਇਆ-ਕਿ 'ਪਿਆਰ' ਕੀ ਚੀਜ਼ ਹੈ, ਤੇ 'ਖ਼ੁਮਾਰ' ਕੀ ਚੀਜ਼ ਹੈ।

ਰਜ਼ਾ-ਏ-ਇਸ਼ਕ

03 of 39 · contents ↑

ਜੇ ਸਾਨੂੰ ਸਾਹਾਂ 'ਤੇ ਏਤਬਾਰ ਹੁੰਦਾ,ਤਾਂ ਸਾਡਾ ਨਾਂ ਵੀ ਤੇਰੇ ਆਸ਼ਿਕਾਂ 'ਚ ਸ਼ੁਮਾਰ ਹੁੰਦਾ।ਅੱਜ ਜਾ ਕੇ ਕਿਹੜੇ ਦਰ 'ਤੇ ਮੱਥਾ ਟੇਕੀਏ?ਤੇਰੇ ਬਗੈਰ ਹਰ ਦਰ, ਬੇ-ਦਰ ਹੁੰਦਾ।ਅੱਲਾਹ ਦੀ ਮਰਜ਼ੀ ਅੱਗੇ ਕੀਹਦਾ ਜ਼ੋਰ ਹੈ?ਸਾਨੂੰ ਜੇ ਖ਼ਬਰ ਹੁੰਦੀ, ਤਾਂ ਕਿੱਸਾ ਨਾ ਦੁਸ਼ਵਾਰ ਹੁੰਦਾ।!

ਅਜ਼ਲੀ ਸਾਂਝ

04 of 39 · contents ↑

ਤੇਰਾ ਸਾਹ ਮੇਰਾ ਸਾਹ ਹੋਵੇ,ਮੇਰੇ ਹਰ ਸਾਹ 'ਚ ਤੇਰਾ ਵਾਸ ਹੋਵੇ।

ਜਦੋਂ ਵੀ ਮੈਂ ਤੈਨੂੰ ਯਾਦ ਕਰਾਂ,ਮੇਰੇ ਰੂਬਰੂ ਤੂੰ ਹਰ ਵਾਰ ਹੋਵੇ।

ਇੱਕ ਜਨਮ ਕਾਫ਼ੀ ਨਹੀਂ ਤੈਨੂੰ ਪਾਉਣ ਲਈ,ਹਰ ਜਨਮ 'ਚ ਤੇਰਾ-ਮੇਰਾ ਸਾਥ ਹੋਵੇ।

ਮੁੱਕਾਂ ਮੈਂ ਬੱਸ ਤੇਰੀ ਹੀ ਯਾਦ ਅੰਦਰ,ਨਾ ਸਾਡੇ ਪਿਆਰ ਦੀ ਕਦੇ ਵਿਦਾਈ ਹੋਵੇ।

ਤਰੀਕਾਂ

05 of 39 · contents ↑

ਉਡੀਕ ਕਰਦਿਆਂ ਸਾਂਝ ਪੈ ਗਈ,ਪਰ ਤੇਰਾ ਇੱਕ ਦੀਦਾਰ ਨਾ ਹੋਇਆ।

ਹੁਣ ਤੂੰ ਹੀ ਦੱਸ, ਇਹ ਕਿਹੋ ਜਿਹੀ ਯਾਰੀ ਹੈ?ਨਾ ਤੂੰ ਅੱਜ ਮਿਲਦਾ, ਨਾ ਕੱਲ੍ਹ ਮਿਲਣ ਦੀ ਉਮੀਦ ਹੈ।

ਸਾਰੀ ਜ਼ਿੰਦਗੀ ਨਿਕਲ ਰਹੀ ਹੈ ਉਡੀਕਾਂ 'ਚ,ਇੱਕ ਤੋਂ ਬਾਅਦ ਇੱਕ, ਬਦਲਦੀਆਂ ਤਰੀਕਾਂ 'ਚ।

ਜੇ ਇੰਨਾ ਹੀ ਗੁੱਸਾ ਸੀ ਸਾਡੇ ਨਾਲ,ਤਾਂ ਪਹਿਲਾਂ ਹੀ 'ਨਾਂਹ' ਕਰ ਦੇਣੀ ਸੀ।

ਹੁਣ ਇੰਨਾ ਰਵਾ ਕੇ ਕਹਿੰਦਾ ਏਂ,ਕਿ "ਕੋਈ ਲੋੜ ਨਹੀਂ ਘਰ ਆਉਣ ਦੀ"।

ਹੁਣ ਦੱਸ ਸਾਨੂੰ, ਕਿੱਥੇ ਜਾ ਆਸਰਾ ਲੱਭੀਏ?ਰਾਹ ਤੱਕੀਏ ਤਾਂ ਕਿੱਥੇ... ਤੇ ਕਿਹੜੇ ਯਾਰ ਦੀ?

ਤਸਵੀਰ-ਏ-ਯਾਰ

06 of 39 · contents ↑

ਤੇਰੀ ਤਸਵੀਰ ਮੇਰੇ ਹਾਲ ਤੇ ਹੱਸ ਰਹੀ ਹੈਫੇਰ ਤੇਰੇ ਮਿਲਣ ਦੀ ਆਸ ਜਗਾ ਰਹੀ ਹੈ

ਮੈਂ ਜਦੋਂ ਵੀ ਤੈਨੂੰ ਯਾਦ ਕਰਾਂ, ਦਿਲ ਮੇਰਾ ਬੈਠਦਾ ਜਾਂਦਾ ਹੈਤੂੰ ਕਿਤੇ ਮੈਨੂੰ ਭੁੱਲ ਨਾ ਜਾਵੇਂ, ਬਸ ਇਸਦਾ ਡਰ ਸਤਾਂਦਾ ਹੈ

ਲੋਕੀ ਕਹਿੰਦੇ ਨੇ ਕਿ ਅਜਕਲ ਮੈਂ ਥੋੜ੍ਹਾ ਉਦਾਸ ਹਾਂਪਰ ਮੈਂ ਜਾਣਦਾ ਹਾਂ ਕਿ ਮੈਂ ਤੇਰੀ ਆਸ 'ਚ ਹਾਂ

ਤੇਰਾ ਨਾ ਕੋਈ ਪਤਾ ਠਿਕਾਣਾ, ਫੇਰ ਵੀ ਸਭ ਠਿਕਾਣੇ ਤੇਰੇਮੈਨੂੰ ਵੀ ਇਕ ਰਾਹ ਦੱਸ ਦੇ, ਕਿਤੇ ਪੱਲੇ ਲਗਾਂ ਤੇਰੇ

ਇਕ ਵਾਰ ਮੁਸਕੁਰਾ ਦੇ ਤਸਵੀਰ 'ਚ ਹੀ ਸਹੀਉਮਰ ਮੈਂ ਬਾਕੀ ਕੱਢ ਲਵਾਂਗਾ ਉਮੀਦ 'ਚ ਸਹੀ

ਅਰਦਾਸ / Ardaas)

07 of 39 · contents ↑

ਜੇ ਇਕ ਵਾਰ ਤੂੰ ਕਹਿ ਦੇ, ਕਿ ਤੇਰੇ ਨਾਲ ਪਿਆਰ ਹੈ,ਮੈਂ ਸਾਰਾ ਜਹਾਨ ਛੱਡ ਕੇ, ਬਸ ਤੇਰੇ ਨਾਲ ਹੋ ਜਾਵਾਂ।

ਤੇਰੇ ਅੱਗੇ ਪਿੱਛੇ ਫਿਰਾਂ, ਤੇਰੀ ਹਰ ਗੱਲ ਮੰਨਾਂ,ਅੱਜ ਵੀ ਤੇਰਾ ਕਹਾਵਾਂ, ਤੇ ਅੱਗੇ ਵੀ ਤੇਰੇ ਨਾਲ ਚੱਲਾਂ।

ਜਿੰਨੇ ਵੀ ਮੇਰੇ ਤੋਂ ਪਹਿਲਾਂ ਸੀ, ਉਹ ਵੀ ਤੇਰੇ ਸਨ,ਮੈਂ ਕਿਹੜਾ ਨਵਾਂ ਅਨੋਖਾ, ਜਿਸਦਾ ਤੂੰ ਆਸਰਾ ਨਾ ਬਣੇ।

ਪਰ ਮੇਰੇ ਜ਼ਿਹਨ 'ਚ ਇਹ ਸਾਰੀਆਂ ਗੱਲਾਂ ਆਈਆਂ ਕਿਉਂ?ਮੇਰੇ ਦਿਲ ਦੀਆਂ ਸਾਰੀਆਂ ਕਲੀਆਂ, ਇੰਝ ਮੁਰਝਾਈਆਂ ਕਿਉਂ?

ਮੇਰਾ ਗੁਰੂਰ ਹੀ ਮੈਨੂੰ, ਤੈਥੋਂ ਦੂਰ ਲੈ ਆਇਆ,ਜੋ ਵੀ ਸੀ ਯਾਦ, ਮੈਂ ਸਭ ਭੁਲਾਇਆ।

ਮੈਂ ਵੀ ਤੇਰੀ ਹੀ ਔਲਾਦ ਹਾਂ, ਇਹ ਕਿਉਂ ਮੈਨੂੰ ਯਾਦ ਨਾ ਆਇਆ?ਤੇਰੀ ਹੀ ਰਜ਼ਾ 'ਚ ਰਹਿਣਾ, ਕਿਉਂ ਮੈਨੂੰ ਰਾਸ ਨਾ ਆਇਆ?

ਇਹ ਦਰਖਾਸਤ ਸੁਣ ਮੇਰੀ ਦਾਤਾਰ,ਬਸ ਇਕ ਵਾਰੀ ਫੇਰ, ਪਾ ਦੇ ਪਿਆਰ।

ਆਖ਼ਰੀ ਉਡੀਕ

08 of 39 · contents ↑

ਅੱਜ ਜੇ ਤੇਰੇ ਨਾਲ ਪਿਆਰ ਹੋ ਜਾਵੇਗਾਤਾਂ ਆਸ਼ਿਕਾਂ 'ਚ ਨਾਂ ਸਾਡਾ ਵੀ ਸ਼ੁਮਾਰ ਹੋ ਜਾਵੇਗਾ

ਮੈਂ ਕਦੋਂ ਕਿਹਾ ਕਿ ਮੈਨੂੰ ਉਡੀਕ ਨਹੀਂ ਤੇਰੀਪਰ ਜੇ ਤੂੰ ਸੁਣੇਂ ਨਾ, ਤਾਂ ਤਕਰਾਰ ਹੋ ਜਾਵੇਗਾ

ਤੇਰੀ ਰਜ਼ਾ 'ਚ ਰਹਿਣਾ ਕਬੂਲ ਹੈ ਸਾਨੂੰਜੇ ਤੇਰਾ ਹੁਕਮ ਹੋਵੇ, ਤਾਂ ਇਕਰਾਰ ਹੋ ਜਾਵੇਗਾ

ਆ ਕਰ ਮਿਹਰ ਤੇ ਮੈਨੂੰ ਘਰ ਲੈ ਚੱਲਜੇ ਅੱਜ ਨਾ ਕੀਤਾ, ਤੇ ਕੱਲ੍ਹ ਨੂੰ ਖ਼ਵਾਰ ਹੋ ਜਾਵੇਗਾ

ਜੇ ਪਿਆਰ ਨਹੀਂ ਤਾਂ ਚੱਲ ਰਹਿਮ ਹੀ ਕਰ ਦੇਕੁਝ ਨਾ ਸਹੀ, ਥੋੜਾ ਐਤਬਾਰ ਹੋ ਜਾਵੇਗਾ

ਰਿਹਾਈ

09 of 39 · contents ↑

ਤੇਰੇ ਸੰਗਲਾਂ ਨੇ ਮੈਨੂੰ ਜਕੜਿਆ ਹੈਜੇ ਅੱਜ ਤੂੰ ਮੈਨੂੰ ਰਿਹਾ ਕਰ ਦੇਵੇਂਤਾਂ ਮੈਂ ਇਸ ਦੁਨੀਆ ਤੋਂ ਫਾਰਿਗ ਹੋ ਜਾਵਾਂਇਸ ਨੂੰ ਮੇਰੀ 'ਅਰਜ਼' ਹੀ ਸਮਝ ਲੈ ਤੂੰ

ਆਸਥਾ ਦੀ ਉਡਾਰੀ

10 of 39 · contents ↑

ਜੇ ਕਿਸੇ ਚੀਜ਼ ਨੂੰ ਤੁਸੀਂ ਸ਼ਿੱਦਤ ਨਾਲ ਚਾਹੋ,ਤਾਂ ਉਹ ਮਿਲੇਗੀ ਜ਼ਰੂਰ।ਅੱਜ ਮਿਲੇ ਜਾਂ ਕੱਲ੍ਹ,ਨੇੜੇ ਮਿਲੇ ਭਾਵੇਂ ਦੂਰ।

ਇੱਕ ਆਸਥਾ ਦੀ ਉਡਾਰੀ ਭਰ,ਤੇ ਜੋ ਸੱਚ ਤੇ ਸਹੀ ਹੈ, ਉਹ ਕਰ।ਤੈਨੂੰ ਮਿਲੇ ਤੇਰੀ ਪਸੰਦ ਦੀ ਜ਼ਿੰਦਗੀ,ਜੇ ਕਰਦੀ ਰਹੇਂ ਤੂੰ ਉਸਦੀ ਬੰਦਗੀ।

ਤੇਰੀ ਤਲਾਸ਼

11 of 39 · contents ↑

ਮੈਨੂੰ ਤੇਰਾ ਦੀਦਾਰ ਹੋਵੇ, ਤਾਂ ਰੂਹ ਨੂੰ ਸਕੂਨ ਮਿਲੇਤੇਰੇ ਦਰ ਤੇ ਆ ਕੇ, ਮੇਰੇ ਜਿਸਮ ਨੂੰ ਥੋੜਾ ਪੁੰਨ ਮਿਲੇ

ਮੈਂ ਫਿਰ ਰਿਹਾ ਹਾਂ, ਤੇਰੀ ਹੀ ਤਲਾਸ਼ 'ਚਨਾ ਜਾਣੇ ਕਦੋਂ ਤੈਨੂੰ, ਮੇਰੇ ਹੋਣ ਦਾ ਸੁਨੇਹਾ ਮਿਲੇ

ਤੂੰ ਤਾਂ ਮੈਨੂੰ ਬਣਾ ਕੇ, ਜਿਵੇਂ ਭੁੱਲ ਗਿਆਤੇਰੇ ਪਿੱਛੇ ਮੈਂ ਇਸ, ਜਹਾਨ 'ਚ ਰੁਲ ਗਿਆ

ਜਿਸਨੂੰ ਵੀ ਦੇਖਿਆ, ਉਸਨੇ ਦੁਤਕਾਰ ਦਿੱਤਾਮੇਰੇ ਹੋਣ ਨਾ ਹੋਣ ਦਾ, ਮਸਲਾ ਹੀ ਮੁਕਾ ਦਿੱਤਾ

ਇੱਕ ਹਮਦਰਦ ਮਿਲਿਆ ਸੀ, ਰੱਬ ਨੇ ਸੀ ਦਿੱਤਾਪਰ ਉਸ ਨੂੰ ਵੀ ਇਸ, ਦੁਨੀਆਂ ਨੇ ਖੋਹ ਲਿੱਤਾ

ਹੁਣ ਬਸ ਤੇਰੀ ਹੀ ਆਸ ਹੈ, ਬਾਕੀ ਸਭ ਬਚ ਗਿਆ ਇੱਕੋ ਹੀ ਅਹਿਸਾਸ ਹੈਜੇ ਕਿਤੇ ਤੂੰ ਮੈਨੂੰ ਆਪਣਾ ਕਹਿ ਦੇਵੇਂ, ਮੇਰੇ ਲਈ ਤਾਂ ਬਸ ਓਹੀ 'ਰਾਸ' ਹੈ

ਹੁਕਮਿ ਰਜਾਈ

12 of 39 · contents ↑

ਇੱਕ ਝੂਟਾ ਤੂੰ ਦੇ ਦੇ ਮੈਨੂੰ,ਤੇ ਤਰ ਜਾਵਾਂ ਇਸ ਭਵਸਾਗਰ ਤੋਂ।

ਤੇਰੀਆਂ ਯਾਦਾਂ ਦੇ ਝੂਟੇ ਵੀ ਹਨ,ਜੋ ਨਿਤ ਨਵੀਂ ਸੈਰ ਕਰਾਉਂਦੇ ਹਨ।

ਇਹ ਪੀਂਘਾਂ ਦੇ ਝੂਟੇ, ਗੁਰਾ ਇਕ ਦੇਹਿ ਬੁਝਾਈ,ਕਿੰਨਾ ਵੀ ਉੱਪਰ ਜਾਓ, ਰਹਿਣਾ ਹੁਕਮਿ ਰਜਾਈ।

ਰਜ਼ਾ ਤੇ ਕਰਮ

13 of 39 · contents ↑

ਅੱਜ ਮੈਨੂੰ ਤੇਰੀ ਹੀ ਆਸ ਹੈ,ਤੇਰੇ 'ਤੇ ਪੂਰਾ ਵਿਸ਼ਵਾਸ ਹੈ।ਮੈਂ ਕੁਝ ਹੋਰ ਨਹੀਂ ਚਾਹੁੰਦਾ,ਬਸ ਤੇਰੀ ਰਜ਼ਾ 'ਚ ਰਾਜ਼ੀ ਰਹਿਣਾ ਚਾਹੁੰਦਾ।

ਤੇਰੀ ਜੋ ਰਜ਼ਾ ਹੈ, ਉਹ ਹੀ ਤਾਂ ਸੱਚ ਹੈ,ਮੇਰੀ ਜੋ ਚਾਹਤ ਹੈ, ਉਹ ਕੋਰਾ ਭਰਮ ਹੈ।ਚਾਹਤ ਹੋਈ ਪੂਰੀ ਤਾਂ ਮਨ ਹੋਇਆ ਖੁਸ਼,ਜੇ ਟੁੱਟੀ ਤਾਂ ਪੱਲੇ ਪਿਆ ਦੁੱਖ ਹੀ ਦੁੱਖ।

ਇਹ ਸੁੱਖ ਤੇ ਦੁੱਖ ਸਭ ਮੇਰੇ ਭਰਮ ਨੇ,ਇਹਨਾਂ 'ਚ ਲੁੱਕੇ ਮੇਰੇ ਆਪਣੇ ਕਰਮ ਨੇ।ਕਰਮ ਮਾੜਾ ਤਾਂ ਦੁੱਖ, ਕਰਮ ਚੰਗਾ ਤਾਂ ਸੁੱਖ,ਸੋਚਾਂ ਦਿਮਾਗ 'ਚ, ਤੇ ਬੋਲ ਬੋਲੇ ਮੁੱਖ।

ਫਿਰ ਕੰਮ ਕਰਾਂ ਮੈਂ ਹੱਥਾਂ ਪੈਰਾਂ ਨਾਲ,ਇਹਨਾਂ ਤਿੰਨਾਂ ਦਾ ਹੀ ਨਿਕਲਦਾ ਹੈ ਸਾਰ।ਮਾੜੀ ਸੋਚ ਜਗ 'ਚ ਸਭ ਤੋਂ ਬੁਰੀ,ਦੂਜੇ ਥਾਂ 'ਤੇ ਬੋਲ ਨੇ, ਜੋ ਫਿਰਦੇ ਛੁਰੀ।

ਇਸ ਲਈ ਏ ਬੰਦਿਆ!ਤੂੰ ਸੋਚ ਸਮਝ ਕੇ ਬੋਲ,ਅੰਦਰੋਂ ਮਾੜੀ ਸੋਚ ਨੂੰ, ਤੂੰ ਧੁਰੋਂ ਹੀ ਦੇ ਮਧੋਲ।

ਭੁਲੇਖਾ ਤੇ ਰਜ਼ਾ

14 of 39 · contents ↑

ਤੇਰੇ ਦਰ ਤੇ ਆ ਕੇ ਇਹ ਅਹਿਸਾਸ ਹੋਇਆ,ਮੈਂ ਜ਼ਿੰਦਗੀ 'ਚ ਪਹਿਲੀ ਵਾਰ ਰੋਇਆ।

ਅੱਜ ਤੱਕ ਜੋ ਵੀ ਸੀ, ਉਹ ਤੇ ਸਾਰਾ ਭੁਲੇਖਾ ਸੀ,ਮੇਰੇ ਮਨ ਦੇ ਲਈ ਉਹ ਹੀ ਸੱਚਾ ਲੇਖਾ ਸੀ।

ਮੈਂ ਫਸਿਆ ਰਿਹਾ ਬਸ ਕਰਮਾਂ ਦੇ ਫੇਰ 'ਚ,ਉਹਨਾਂ ਦੇ ਫਲ ਦੀ ਹੋਣ ਵਾਲੀ ਦੇਰ 'ਚ।

ਜੇ ਕਰਮ ਮੈਂ ਕਮਾਵਾਂ, ਹਰ ਇਕ ਦਾ ਫਲ ਚਾਹਵਾਂ,ਚੰਗੇ ਕੰਮ ਕਰ ਕੇ, ਪਾਰ ਲੱਗਣ ਦੀਆਂ ਰਾਹਵਾਂ।

ਪਰ ਇਸ ਸਾਰੀ ਖੇਡ 'ਚ ਮੈਂ ਇਹ ਭੁੱਲ ਬੈਠਾ,ਕਿ ਤੇਰੀ ਮਰਜ਼ੀ ਬਿਨਾਂ, ਕੱਖ ਨਾ ਹਿੱਲਦਾ ਏਥੇ।

ਪੂਰੇ ਬ੍ਰਹਿਮੰਡ 'ਚ ਹਰ ਵੇਲੇ, ਹਰ ਥਾਂ,ਤੇਰੀ ਹਕੂਮਤ ਤੋਂ ਅੱਗੇ, ਦੱਸ ਕਿਸ ਦੀ ਹੈ ਚੱਲਦੀ ਹਾਂ?

ਇਸ ਧਰਤ ਦਾ ਨਿਮਾਣਾ ਜਿਹਾ ਮੈਂ,ਬਸ "ਮੈਂ-ਮੈਂ" ਕਰਦਾ ਫਿਰਦਾ ਹਾਂ।

ਆਪਣੇ ਚੰਗੇ ਕਰਮਾਂ ਦੀ ਫੇਹਰਿਸਤ ਬਣਾ ਕੇ,ਸਭ ਨੂੰ ਆਪਣੀ ਨੇਕੀ ਦੱਸਦਾ ਫਿਰਦਾ ਹਾਂ।

ਇਹ ਸਭ ਵੀ ਮੇਰੇ ਵਰਗੇ ਹੀ ਹਨ,ਜੋ ਵੱਸਦੇ ਨੇ ਤੇਰੀ ਹੀ ਰਜ਼ਾ ਦੇ ਅੰਦਰ।

ਫਿਰ ਮੈਂ ਓਹਨਾਂ 'ਚ ਖਾਸ ਕਿਉਂ ਬਣਦਾ?ਕਿਉਂ ਨੱਚਦਾ ਹਾਂ, ਮੈਂ ਬਣ ਕੇ ਬੰਦਰ?

ਭਰੋਸੇ ਦੀ ਉਡਾਨ

15 of 39 · contents ↑

ਇੱਕ ਚਿਰ ਬਾਅਦ ਇਹ ਸਵੇਰ ਆਈ,ਚਿੜੀਆਂ ਦੀ ਆਵਾਜ਼ ਦਿੱਤੀ ਸੁਨਾਈ।

ਪੰਜ ਸਾਲ ਦੀ ਉਡੀਕ ਪੂਰੀ ਹੁੰਦੀ ਦਿੱਖੇ,ਭਰੋਸੇ ਦੀ ਉਡਾਨ ਪੂਰੀ ਹੁੰਦੀ ਦਿੱਖੇ।

ਮੈਂ ਕੱਲਾ ਹੀ ਨਹੀਂ ਸੀ ਇਸ ਉਡਾਨ 'ਚ,15-20 ਮੇਰੇ ਹਮਰਾਹ ਸਨ ਇਸ ਮਿਸ਼ਨ 'ਚ।

ਸਭ ਦਾ ਭਰੋਸਾ ਇੱਕ, ਤੇ ਇੱਕ ਸਭ ਦਾ ਰਸਤਾ,ਨਿਕਲੇ ਸੀ ਸਾਰੇ ਤਿਆਰ ਹੋ ਕੇ, ਗਲ ਪਾ ਕੇ ਬਸਤਾ।

ਇਹ ਉਡਾਨ ਵੀ ਏ.ਆਈ. (A.I.) ਦੇ ਬਲੈਕ ਬਾਕਸ ਵਰਗੀ ਹੈ,ਕੁਝ ਪਤਾ ਨਹੀਂ ਅੱਗੇ ਕੀ ਹੋਵੇਗਾ, ਸਭ ਅਚਾਨਕ ਹੈ।

ਪੇਸ਼ੈਂਸ (Patience) ਤੇ ਪਰਸਿਸਟੈਂਸ (Persistence) ਜਿਸ ਕੋਲ, ਹਨ ਸਭ ਕੁਝ,ਭਾਵੇਂ ਹੋਵੇ ਪਰੇਸ਼ਾਨ, ਅੰਤ ਮਿਲਦਾ ਹੈ ਉਸ ਨੂੰ ਸਭ ਕੁਝ।

ਬੇਚੈਨੀ

16 of 39 · contents ↑

ਅੱਜ ਪਤਾ ਨਹੀਂ ਕਿਉਂ,ਮਨ ਕੁਝ ਬੇਚੈਨ ਹੈ।ਇਹ ਕਿਸੇ ਪੈਗਾਮ ਦੀ ਆਹਟ ਹੈ,ਜਾਂ ਉਦਾਂ ਹੀ ਕੋਈ ਬੇਖ਼ਿਆਲੀ ਹੈ?ਕੁਝ ਚਿਰ ਤੱਕ ਖ਼ਬਰ ਹੋਵੇਗੀ,ਪਰ ਇਸ ਦਿਲ ਨੂੰ ਇੰਨੀ ਕਾਹਲੀ ਕਿਉਂ ਹੈ?

ਗੁੰਜਲਾਂ

17 of 39 · contents ↑

ਜੇ ਕਿਤੇ ਵਾਲਾਂ ਦੇ ਗੁੰਜਲ ਖੁੱਲ ਜਾਣ,ਤੇ ਤੂੰ ਕੰਘੀ ਵਾਹ ਕੇ ਸਿੱਧੇ ਕਰ ਸਕੇਂ।ਤਾਂ ਹੋਰ ਜ਼ਿੰਦਗੀ 'ਚ ਕੁਝ ਨਹੀਂ ਚਾਹੀਦਾ,ਕਿਉਂਕਿ ਸਾਰਾ ਸਿਆਪਾ ਹੀ ਗੁੰਜਲਾਂ ਦਾ ਹੈ।

ਜਾਗ੍ਰਤ ਤੋਂ ਤੁਰੀਆ: ਇੱਕ ਸਫ਼ਰ

18 of 39 · contents ↑

ਦਿਨ ਰਾਤ ਦੋਏ ਦਾਈ-ਦਾਇਆ, ਸਭ ਦਾ ਕਰਨ ਵਿਕਾਸਰਾਤ ਨੂੰ ਸੋਵੋ ਤਾਂ 'ਸੁਪਨੇ' ਆਵਣ ਜਾਂ 'ਸੁਸ਼ੁਪਤੀ' ਹੋਵੇ ਰਾਸਸਾਰੇ ਦਿਨ ਦੇ ਵਿਚਾਰਾਂ ਅਤੇ ਵਿਕਾਰਾਂ ਤੋਂ ਮਿਲੇ ਖਲਾਸ।

ਰਹੇ ਦਿਨ ਭਰ ਅਵਸਥਾ ਜਾਗ੍ਰਤਮਨ, ਜੀਭ, ਹੱਥ-ਪੈਰ ਸਭ ਜਾਗਰੂਕਚੰਗਾ-ਮਾੜਾ, ਦੁਖ-ਸੁਖ, ਨਫਾ-ਨੁਕਸਾਨਆਪਣੀਆਂ ਬਣਾਈਆਂ ਖੇਡਾਂ 'ਚ ਫਸ ਗਿਆ ਇਨਸਾਨ।

ਹੁਣ ਉਸ ਦੀ ਰਚਨਾ ਨੂੰ ਵੇਖੋ, ਸਭ ਕੁਝ ਹੁਕਮੇ ਅੰਦਰਬ੍ਰਹਮੰਡ ਤੋਂ ਲੈ ਕੇ ਮਿੱਟੀ ਦੇ ਕਣ ਤਕਭਾਵੇਂ ਹੋਵੇ ਸੂਰਜ, ਭਾਵੇਂ ਸਮੁੰਦਰ।

ਜੇ ਕਿਧਰੇ ਇਨਸਾਨ ਸੁਸ਼ੁਪਤੀ ਪਾ ਸਕੇਤਾਂ 'ਤੁਰੀਆ' 'ਚ ਜਾਣਾ ਹੋ ਜਾਏ ਆਸਾਨਪਹੁੰਚ ਜਾਏ ਉਹ 'ਲਯ ਅਵਸਥਾ' 'ਚਜਦੋਂ ਵੀ ਅੱਖਾਂ ਖੁੱਲਣ, ਤਾਂ ਸਾਹਮਣੇ ਭਗਵਾਨ।

ਖੁਦਾਈ ਤੇ ਤਨਹਾਈ

19 of 39 · contents ↑

ਬੈਠੇ ਬਿਠਾਏ ਖੁਦਾ ਦੀ ਖੁਦਾਈ ਹੋ ਗਈਤੇ ਸਾਡੇ ਲਈ ਏ ਦੁਨੀਆ ਪਰਾਈ ਹੋ ਗਈ

ਹੁਣ ਤੇ ਮੈਂ ਤੇ ਮੇਰੀ ਤਨਹਾਈ ਹਨਬਾਹਰ ਨਿਕਲ ਜਾਵਾਂ ਤੇ ਮੈਂ ਤੇ ਮੇਰੀ ਪਰਛਾਈ ਹਨ

ਬੰਦੇ ਹੋਰ ਭੀ ਨੇ ਮੇਰੇ ਲਾਗੇ ਸਾਗੇਪਰ ਹਰ ਕੋਈ ਮਸ਼ਗੂਲ ਹੈ ਆਪਣੇ ਆਪ 'ਚ

ਮੇਰੀ ਮਸ਼ਗੂਲੀਅਤ ਥੋੜੀ ਹੋਰ ਹੈਮੇਰੇ ਅੰਦਰ ਚੁੱਪੀ ਤੇ ਬਾਹਰ ਸ਼ੋਰ ਹੈ

ਸ਼ਾਂਤੀ ਹੀ ਬੰਦੇ ਦਾ ਸਵਭਾਵ ਹੈਬਾਕੀ ਤੇ ਸਾਰੀ ਮਾਇਆ ਦੀ ਆਵਕ ਜਾਵਕ ਹੈ

ਇਹ ਸਮਝਣਾ ਥੋੜ੍ਹਾ ਔਖਾ ਹੈ ਪਰ ਸਮਝ ਆਏ ਤਾਂਇਹ ਹੀ ਉਸ ਰੱਬ ਨੂੰ ਭਾਵਕ ਹੈ

ਮੇਰੀ ਖਤਾ

20 of 39 · contents ↑

ਤੇਰੇ ਦੀਦਾਰ ਦੀ ਉਡੀਕ ਕਰ ਰਿਹਾ ਹਾਂ ਮੈਂ,ਕਿੰਨੇ ਸਵਾਲਾਂ ਨਾਲ ਦਿਮਾਗ ਨੂੰ ਭਰ ਰਿਹਾ ਹਾਂ ਮੈਂ।

ਪਰ ਤੇਰੇ ਮਨ 'ਚ ਕੀ ਹੈ, ਉਹ ਤੇ ਤੈਨੂੰ ਹੀ ਪਤਾ ਹੈ,ਮੈਂ ਬਹੁਤਾ ਸੋਚ ਰਿਹਾ ਹਾਂ, ਇਹ ਮੇਰੀ ਖਤਾ ਹੈ।

ਅੰਤਿਮ ਅਦਾਲਤ

21 of 39 · contents ↑

ਅੱਜ ਕਿਸੇ ਦੀ ਚਾਹ, ਕੱਲ੍ਹ ਕਿਸੇ ਦੀਕਿਉਂ ਇੰਨੀਆਂ ਚਾਹਵਾਂ, ਕਿਉਂ ਇੰਨੀਆਂ ਤਕਲੀਫਾਂ?ਦਿਨ ਨੂੰ ਰੋਟੀ ਤੇ ਰਾਤ ਨੂੰ ਨੀਂਦਰਜੇ ਦੋਵੇਂ ਕਿਸੇ ਨੂੰ ਹਾਸਿਲ ਹੋਣ,ਤਾਂ ਹੋਰ ਚਾਹਵਾਂ ਸਾਰੀਆਂ ਖੋਟੀਆਂ ਨੇਕਿਉਂਕਿ ਬਾਕੀ ਸਭ ਮਨ ਦੀਆਂ ਹੀ ਖੋਟੀਆਂ ਨੇ।

'ਮਸਲਿਆਂ' ਤੇ 'ਵਾਅਦਿਆਂ' 'ਚ ਉਲਝੀਆਂ ਪੀੜ੍ਹੀਆਂਇਹ ਰਸਮਾਂ ਬੰਦੇ ਦੀਆਂ ਆਪ ਬਣਾਈਆਂ ਹਨਰੱਬ ਨੇ ਤਾਂ ਸਿਰਫ਼ 'ਇਨਸਾਨ' ਬਣਾਇਆ ਸੀ।

ਇਹ ਸਭ ਇਨਸਾਨ ਦੇ ਆਪਣੇ ਪਸਾਰੇਹੁਣ ਇਕੱਲਾ ਬਹਿ ਕੇ ਸੋਚਦਾ ਹੈ,ਕਿ ਇਹ ਸਭ ਆਪੇ ਹੀ ਆਪੇ।

ਮੈਂ ਇਹ ਚਾਹਵਾਂ ਤੇ ਉਹ ਪਾਵਾਂਇਸ ਨੂੰ ਪਿਆਰ ਕਰਾਂ, ਉਸ ਨੂੰ ਭਾਵਾਂਇਹ ਕੰਮ ਚੰਗਾ ਤੇ ਉਹ ਕੰਮ ਮਾੜਾਮੈਂ ਹੀ ਕਿਉਂ ਸਭ ਦੀ ਪਛਾਣ ਕਰਾਂ?

ਮੇਰਾ ਪਰਿਵਾਰ, ਮੇਰਾ ਪੈਸਾਮੈਂ ਐਸਾ ਤੇ ਉਹ ਵੈਸਾਇੱਥੇ ਕਿਸੇ ਨੂੰ ਕਿਸੇ ਦੀ ਪਰਵਾਹ ਨਹੀਂਆਪਣੇ ਇਲਾਵਾ ਕਿਸੇ ਦੀ ਚਾਹ ਨਹੀਂਮਹਿਲ-ਮਾੜੀਆਂ ਬੰਨ੍ਹੀ ਬੈਠਾ ਹੈ ਇਹ ਜਹਾਂਪਰ ਪਿਆਰ ਤੇ ਸ਼ਾਂਤੀ ਦਾ ਕੋਈ ਰਾਹ ਨਹੀਂ।

ਕਿਉਂ ਇੰਨਾ ਗਰੂਰ ਹੈ ਬੰਦਿਆ?ਉਹ ਉੱਪਰ ਬੈਠਾ ਸਭ ਵੇਖਦਾ ਹੈਵੇਖ ਕੇ ਵੀ ਅਣਡਿੱਠ ਕਰਦਾ ਹੈਤੈਨੂੰ ਥੋੜਾ ਹੋਰ ਸਮਾਂ ਦਿੰਦਾ ਹੈ।

ਵਕਤ ਰਹਿੰਦੇ ਸੰਭਲ ਜਾ ਬੰਦਿਆਜੇ ਕਿਤੇ ਦੇਰ ਹੋ ਗਈਤਾਂ ਫੈਸਲੇ ਦੀ ਘੜੀ ਆ ਧਮਕੇਗੀ।

ਇਹ ਫੈਸਲਾ ਫੇਰ ਓਹੀ ਕਰੇਗਾਉਸ ਦਾ ਕਾਨੂੰਨ ਤੇ ਉਸੇ ਦੀ ਅਦਾਲਤਉਥੇ ਦੁਨਿਆਵੀ ਦਲੀਲ ਕੁਝ ਨਹੀਂਤੇਰਾ 'ਕਰਮ' ਤੇ ਤੇਰਾ 'ਧਰਮ' ਹੀ ਤੇਰੇ ਨਾਲਉਸ ਤੋਂ ਬਾਹਰ ਕੁਝ ਨਹੀਂ...ਉਸ ਤੋਂ ਅੱਗੇ ਕੁਝ ਨਹੀਂ।

ਹਿਸਾਬ-ਏ-ਜ਼ਿੰਦਗੀ

22 of 39 · contents ↑

ਹਰ ਮੰਜ਼ਰ ਹਸੀਨ ਨਹੀਂ ਹੋ ਸਕਦਾ,ਹਰ ਵਰਕਾ ਰੰਗੀਨ ਨਹੀਂ ਹੋ ਸਕਦਾ।ਕਿੰਨੀ ਵੀ ਕੋਸ਼ਿਸ਼ ਕਰ ਲਓ, ਕੁਝ ਤੇਕਾਲਾ-ਚਿੱਟਾ ਰਹਿ ਜਾਏਗਾ,ਤੇ ਇਸ ਦਾ ਹਿਸਾਬ ਆਖਿਰ ’ਚ ਕੰਮ ਆਵੇਗਾ।

ਕਰਮ ਚੰਗੇ ਜਾਂ ਮਾੜੇ, ਜ਼ਬਾਨ ਮਿੱਠੀ ਜਾਂ ਕੌੜੀ,ਤੇ ਤੇਰੀ ਸੋਚ ਵੀ ਸਿੱਧੀ ਜਾਂ ਟੇਢੀ।ਹਰ ਚੀਜ਼ ਦਾ ਹਿਸਾਬ ਹੋਵੇਗਾ ਆਖਿਰ ’ਚ,ਤੇ ਬੰਦਾ ਆਪਣੇ ਕਰਮਾਂ ਨੂੰ ਰੋਵੇਗਾ।

ਅੱਜ ਜਦੋਂ ਸਮਾਂ ਤੇਰੇ ਕੋਲ ਹੈ,ਇਸ ਵੇਲੇ ਇਹ ਸੋਚ ਕਿਉਂ ਨਹੀਂ?ਫੇਰ ਜਦੋਂ ਇਹ ਵੇਲਾ ਲੰਘ ਜਾਣਾ,ਉਸ ਦੀ ਫਿਕਰ ਤੇਰੇ ਜ਼ਿਹਨ ’ਚ ਕਿਉਂ ਨਹੀਂ?

ਇਹ ਮਾਇਆ ਦਾ ਜਾਲ ਹੀ ਕੁਝ ਐਸਾ ਹੈ,ਉਹ ਨਜ਼ਰ ਨਹੀਂ ਆਉਂਦਾ ਜੋ ਜੈਸਾ ਹੈ।ਹਰ ਕਿਸੇ ਦੇ ਚਿਹਰੇ ’ਤੇ ਨਕਾਬ ਹੈ,ਤੇ ਨਾਟਕ ਕਰ-ਕਰ ਕੇ ਬੰਦੇ ਦਾ ਖਾਨਾ ਖਰਾਬ ਹੈ।

ਤਾਮੀਰ-ਏ-ਕਰਤਾਰ

23 of 39 · contents ↑

ਕੀ ਕਦੇ ਰੱਸੀ ਵੀ ਸੱਪ ਬਣ ਸਕਦੀ ਹੈ?ਇਹ ਸਾਰਾ ਤਮਾਸ਼ਾ ਸਿਰਫ਼ ਸੋਚ ਦਾ ਹੈ।ਜੋ ਸੋਚ ਅੱਜ ਹੈ, ਕੱਲ੍ਹ ਨੂੰ ਬਦਲ ਸਕਦੀ ਹੈ,ਇਹ ਸਾਰਾ ਖੇਲ੍ਹ ਅਸਲ ਵਿੱਚ ਕੰਮਾਂ ਦਾ ਹੈ।ਕਰਮ ਵੀ ਕਦੋਂ ਭਲਾ ਇਕੋ ਜਿਹੇ ਰਹਿਣਗੇ?ਇਹ ਸਾਰੀ ਸਿਆਸਤ ਮਹਿਜ਼ ਵਿਚਾਰਾਂ ਦੀ ਹੈ।ਵਿਚਾਰ ਵੀ ਬਦਲਣਗੇ, ਵੇਖੀਂ ਦਿਨ-ਬ-ਦਿਨ,ਇਹ ਕਰਾਮਾਤ ਸਾਰੀ, ਉਨ੍ਹਾਂ ਕੁਮ੍ਹਾਰਾਂ ਦੀ ਹੈ।ਪਰ ਕੁਮ੍ਹਾਰ ਵੀ ਬਦਲਣਗੇ ਆਖਿਰ ਇਕ ਦਿਨ,ਕਿਉਂਕਿ ਸਾਰੀ ਤਾਮੀਰ, ਉਸ ਕਰਤਾਰ ਦੀ ਹੈ।

ਨਿਰਗੁਣ ਦਾ ਆਕਾਰ

24 of 39 · contents ↑

ਉਸ ਵਕਤ ਜੇ ਤੂੰ ਵੀ ਹੁੰਦਾ, ਤੇ ਗੱਲ ਹੋਰ ਹੁੰਦੀ,ਮੈਂ ਤੇਰੀ ਉਮੀਦ 'ਚ ਨਾ ਹੁੰਦਾ, ਤੇ ਗੱਲ ਹੋਰ ਹੁੰਦੀ।

ਅੱਜ ਇਕੱਲਾ ਬੈਠ ਕੇ ਸੋਚਾਂ ਮੈਂ, ਕਿਉਂ ਮੈਂ ਤੇਰੀ ਆਸ ਰੱਖੀ?ਸੂਰਜ ਦੀਆਂ ਦੋ ਕਿਰਨਾਂ ਲਈ, ਕਿਉਂ ਸਾਰੀ ਸਾਂਝ ਉਦਾਸ ਰੱਖੀ?

ਗੋਰਖ, ਬ੍ਰਹਮਾ, ਇੰਦਰ ਸਾਰੇ ਤਾਂ ਹਨ, ਫੇਰ ਮੈਨੂੰ ਤੇਰੀ ਕੀ ਲੋੜ ਹੈ?ਇਨ੍ਹਾਂ ਨੂੰ ਮਨਾਉਣ ਲਈ, ਸਭ ਵਿਚ ਲੱਗੀ ਦੌੜ ਹੈ।

ਪਰ ਤੇਰਾ ਨਜ਼ਾਰਾ ਹੋਰ ਹੈ ਮੇਰੇ ਰੱਬ,ਜੇ ਤੂੰ ਨਾ ਹੁੰਦਾ, ਤਾਂ ਇਹ ਕਦਰ ਕਰਦਾ ਕੌਣ?

ਇਕ ਤੂੰ ਨਿਰਗੁਣ ਨਿਰਾਕਾਰ, ਸਭ ਨੂੰ ਦੇਵੇਂ ਆਕਾਰ,ਤੇ ਮੈਂ ਤੇਰੀ ਮੂਰਤ ਬਣਾਈ ਬੈਠਾ ਹਾਂ, ਕੀ ਮੇਰੇ ਵਿਕਾਰ!

ਮੈਂ ਵੀ ਤੂੰ

25 of 39 · contents ↑

ਰੂਪ ਜੇ ਤੇਰਾ ਦੇਖ ਲਵਾਂ, ਹਰ ਆਸ ਪੂਰੀ ਹੋ ਜਾਏ,ਇਸ ਜਹਾਨ ਦੇ ਕਰਤਾ ਤੇ, ਵਿਸ਼ਵਾਸ ਪੂਰਾ ਹੋ ਜਾਏ।

ਪਰ ਇਹ ਤੇ ਸਾਰੀਆਂ, ਫੋਕੀਆਂ ਹੀ ਆਸਾਂ ਨੇ,ਨਾ ਤੇਰਾ ਕੋਈ ਰੂਪ ਹੈ, ਨਾ ਤੇਰਾ ਕੋਈ ਆਕਾਰ ਹੈ।

ਇਸ ਜਹਾਨ ਦਾ ਮਾਲਿਕ ਤੂੰ, ਤੇਰੀ ਸਭ ਘਾੜਤ ਹੈ,ਇਸ ਘਾੜਤ ਦਾ ਇਕ ਤਿਨਕਾ ਮੈਂ, ਮੇਰੀ ਕੀ ਔਕਾਤ ਹੈ।

ਪਰ ਮੈਂ ਇਕ ਤਿਨਕਾ ਹੀ ਸਹੀ, ਮੇਰੇ ਅੰਦਰ ਤੇਰਾ ਰੂਪ ਹੈ,ਇਹ ਸੰਸਾਰ ਵੀ ਮੈਂ ਹੀ ਹਾਂ, ਉਹਦੇ ਵਿਚ ਵੀ ਤੇਰਾ ਸਰੂਪ ਹੈ।

ਇਹ ਗੱਲ ਜੇ ਪੱਲੇ ਪੈ ਜਾਵੇ, ਤਾਂ ਕੀ ਤੂੰ ਤੇ ਕੀ ਮੈਂ,ਸਾਰੇ ਇਕ ਤੇ ਸਾਰੇ ਇਕੋ ਦੇ... ਫਿਰ ਮੈਂ ਵੀ ਤੂੰ ਤੇ ਤੂੰ ਵੀ ਮੈਂ॥

ਕੈਦ ਤੋਂ ਮੁਕਤੀ

26 of 39 · contents ↑

ਭਾਗ ੧: ਭੁਲੇਖਾ

ਜੇ ਸ਼ੇਰ, ਬਘਿਆੜ, ਹਿਰਨ ਤੇ ਤੋਤੇ,ਸਭ ਇਕੋ ਹੀ ਜਗ੍ਹਾ ਤੇ ਖਲੋਤੇ।ਉਸ ਨੂੰ ਤੁਸੀਂ ਕੀ ਸਮਝੋਗੇ?ਕੋਈ ਚਿੜੀਆਘਰ ਜਾਂ ਕੋਈ ਸਰਕਸ?

ਇਨਸਾਨ ਦੀ ਸੋਚ ਇਸ ਤੋਂ ਅੱਗੇ ਜਾਂਦੀ ਨਾ,ਕਿਉਂਕਿ ਉਹ ਆਪਣੇ ਅਹੰਕਾਰ 'ਚ ਹੈ।ਜੋ ਉਸ ਨੇ ਕਾਬੂ ਕੀਤਾ, ਬਸ ਓਹੀ ਸੱਚ,ਕੁਝ ਉਸ ਤੋਂ ਅੱਗੇ, ਨਾ ਉਹਦੀ ਸਾਰ 'ਚ ਹੈ।

ਉਹ ਕਹਿੰਦਾ—"ਮੈਂ ਨਿਰਧਾਰਤ ਕਰਾਂ ਸਭ ਦਾ ਭਵਿੱਖ,ਇਹ ਆਸਮਾਨ ਮੇਰਾ ਤੇ ਘੜਤ ਮੇਰੀ।ਹਰ ਸ਼ੈਅ ਮੇਰੀ ਤੇ ਮੇਰੇ ਕਾਬੂ 'ਚ,ਮੈਂ ਮਾਲਕ ਤੇ ਸਾਰੀ ਧਰਤ ਮੇਰੀ।"

ਭਾਗ ੨: ਕੁਦਰਤ ਦਾ ਸੱਚ (The Reality of Nature)

ਪਰ ਕੁਦਰਤ ਦੇ ਜੰਗਲ ਵਿਚ ਜੇ ਜਾਓ,ਤਾਂ ਸਾਰੇ ਨਜ਼ਾਰੇ ਹੋਰ ਹਨ।ਨਾ ਕੋਈ ਕਿਸੇ ਦਾ ਰਾਜਾ ਓਥੇ,ਨਾ ਕੋਈ ਕਿਸੇ ਦਾ ਗੁਲਾਮ,ਹਰ ਪਾਸੇ ਨਿਰਭੈ ਤੇ ਹਰ ਪਾਸੇ ਨਿਰਵੈਰ।

ਰੱਬ ਨੇ ਤਾਂ ਮਨੁੱਖ ਨੂੰ ਵੀ ਏਦਾਂ ਹੀ ਬਣਾਇਆ,ਪਰ ਇਨਸਾਨ ਨੇ ਵੱਖਰਾ ਖੇਲ ਰਚਾਇਆ।ਉਹ ਸਮਝੇ ਹਰ ਪਾਸੇ ਮੇਰਾ ਕਾਬੂ ਹੋਏ,ਪਰ ਮਾਇਆ ਦੇ ਚੱਕਰਾਂ ਤੋਂ ਅੱਗੇ,ਉਹ ਆਪਣੇ ਹੀ ਜਾਲ 'ਚ ਫਸ ਗਿਆ।ਜਿੰਨਾ ਚੈਨ ਸਕੂਨ ਰੱਬ ਨੇ ਬਖਸ਼ਿਆ ਸੀ,ਉਹ ਇਨਸਾਨ ਨੂੰ ਛੱਡ ਕੇ ਨੱਸ ਗਿਆ।

ਭਾਗ ੩: ਪੜਚੋਲ (Reflection)

ਹੁਣ ਕੱਲਾ ਬਹਿ ਕੇ ਸੋਚ ਵੇ ਬੰਦਿਆ,ਕੀ ਕੁਝ ਖੱਟਿਆ ਤੂੰ ਜਗ ਵਿੱਚੋਂ?ਜੋ ਕੁਝ ਰੱਬ ਨੇ ਬਖਸ਼ਿਆ ਸੀ,ਉਹ ਸਾਰਾ ਤੇ ਤੂੰ ਗਵਾ ਦਿੱਤਾ।'ਮੇਰੀ-ਮੇਰੀ' ਦੇ ਚੱਕਰ 'ਚ ਫਸ ਕੇ ਤੂੰ,ਆਪਣ ਆਪ ਨੂੰ ਹੀ ਭੁਲਾ ਦਿੱਤਾ।

ਭਾਗ ੪: ਰਸਤਾ (The Path)

ਪਹਿਲੇ ਲੱਭ ਤੂੰ ਆਪਣੇ ਆਪ ਨੂੰ,ਫੇਰ ਉਸ ਸਿਰਜਨਹਾਰ ਨੂੰ।ਛੱਡ ਖਹਿੜਾ ਮਾਇਆ ਦਾ,ਤੇ ਹੱਥ ਫੜ ਕਿਸੇ ਮੁਰਸ਼ਦ ਦਾ।

ਉਹ ਮੁਰਸ਼ਦ ਤੈਨੂੰ ਰਾਹ ਦਿਖਾਏ,ਇਸ 'ਅਹਮ' ਤੋਂ ਤੈਨੂੰ ਉੱਤੇ ਉਠਾਏ।ਠੋਕ ਵਜਾ ਕੇ ਤੈਨੂੰ ਬੰਦਾ ਬਣਾਏ,ਤੈਨੂੰ 'ਹੋਣ' ਦਾ ਅਹਿਸਾਸ ਦਿਲਾਏ।

ਮੈਂ ਕੌਣ ਹਾਂ? ਤੇਰਾ ਕੰਮ ਕੀ?ਇਹ ਖਿਆਲ ਜੇ ਮਨ ਵਿਚ ਆ ਜਾਏ।ਆਪਣੇ ਮਨ ਨੂੰ ਕਾਬੂ 'ਚ ਕਰ,ਤੇ ਹਉਮੈ ਤੇ ਥੋੜੀ ਲਗਾਮ ਲਾਏ।

ਬੰਦੇ ਨੂੰ ਬੰਦਾ ਸਮਝੋ ਤੇ ਧਰਤ ਨੂੰ ਆਪਣਾ ਘਰ,ਤੇ ਕੁਦਰਤ ਓਸ ਦੀ ਮਾਇਆ, ਤੇ ਚਾਰੇ ਪਾਸੇ 'ਹਰ' !!

ਪੰਜ ਕਕਾਰ ਅਤੇ ਪੰਜ ਕੋਸ਼: ਇੱਕ ਰੂਹਾਨੀ ਯਾਤਰਾ

27 of 39 · contents ↑

(1. ਆਧਾਰ: ਇਤਿਹਾਸ ਅਤੇ ਅਨੁਸ਼ਾਸਨ)

ਪੰਜ ਕਕਾਰ: ਗੁਰੂ ਦੀ ਦਾਤਹੇਮਕੁੰਟ ਦੇ ਤਪੱਸਵੀ ਨੇ ਜਦੋਂ ਸ਼ਕਤੀ ਪੁੰਜ ਘੜੇ ਸੀ,ਹਰ ਗੁਰਸਿੱਖ ਨੇ ਓਸ ਹੁਕਮ ਨੂੰ ਸਵੀਕਾਰ ਕੀਤਾ।ਕੱਛ, ਕੜਾ, ਕੰਘਾ, ਕੇਸ ਅਤੇ ਕਿਰਪਾਨ,ਇਨ੍ਹਾਂ ਪੰਜਾਂ ਨੂੰ ਆਪਣੀ ਰੂਹ 'ਚ ਉਤਾਰ ਲਿਤਾ।

ਹਰ ਚੀਜ਼ ਦੀ ਅਹਿਮੀਅਤ ਵੱਖਰੀ ਹੈ,ਜੋ ੧੬੯੯ (1699) ਤੋਂ ਚੱਲਦੀ ਆ ਰਹੀ ਹੈ।ਸਿੱਖ ਕੌਮ ਇਸ ਨੂੰ ਗੁਰੂ ਦਾ ਆਦੇਸ਼ ਮੰਨ ਕੇ,ਰੋਜ਼ ਇਨ੍ਹਾਂ ਦਾ ਪਾਲਣ ਕਰਦੀ ਆ ਰਹੀ ਹੈ।

ਪਹਿਲਾ ਕੱਕਾ 'ਕੱਛ' ਹੈ, ਜੋ ਸਾਧੇ 'ਹੇਠਲੇ ਤਿੰਨ',ਮੂਲਾਧਾਰ ਤੋਂ ਮਣਿਪੂਰ ਤੱਕ, ਜਿੱਥੇ ਵੱਜਦੀ ਵਿਕਾਰਾਂ ਦੀ ਬੀਨ।ਵਾਸ਼ਨਾ ਤੇ ਵੇਗ ਨੂੰ, ਜੋ ਰੱਖਦਾ ਹੈ ਥੰਮ੍ਹ,ਏਹੀ ਹੈ ਸੰਜਮ ਦਾ ਰਸਤਾ, ਤੇ ਏਹੀ ਹੈ ਸੱਚਾ ਧੰਮ।

(ਊਰਜਾ: ਅਗਨੀ ਅਤੇ ਚੇਤਨਾ)

ਅਗਨੀ ਅਤੇ ਚੇਤਨਾਸ੍ਰੀ ਕ੍ਰਿਸ਼ਨ, ਉਸ ਮਹਾਯੋਗੀ ਨੇ, ਗੀਤਾ ਦਾ ਜਦੋਂ ਗਿਆਨ ਦਿੱਤਾ,'ਕਿਮ-ਕਰਤਵਿਯ-ਵਿਮੂੜ੍ਹ' ਪਾਰਥ ਨੂੰ, ਜੀਵਨ ਦਾ ਸੰਗਿਆਨ ਦਿੱਤਾ।ਫਲ ਦੀ ਚਿੰਤਾ ਤਿਆਗ, ਕਰਮ ਦਾ ਅਰਜੁਨ ਨੂੰ ਜਦੋਂ ਧਿਆਨ ਮਿਲਿਆ,ਓਸੇ ਸੱਚ ਤੋਂ ਦੁਨੀਆ ਨੂੰ, ਜੀਵਨ ਦਾ ਪ੍ਰਮਾਣ ਮਿਲਿਆ।

ਕਰਮ-ਫਲ ਦੀ ਇੱਛਾ ਤੋਂ ਉੱਪਰ, ਤਪ ਦਾ ਮਾਰਗ ਦਿਖਾਉਂਦੇ ਨੇ,ਤਪ ਤੇ ਤਨ ਦੇ ਮੇਲ ਨਾਲ, ਜੀਵਨ-ਪਾਤਰ ਭਰਦੇ ਨੇ।ਤਪ ਦੀ ਵਿੱਦਿਆ, ਯੋਗ-ਸੂਤਰ ਵਿੱਚ, ਪਤੰਜਲੀ ਨੇ ਸਿਖਲਾਈ,ਅਸ਼ਟਾਂਗ ਯੋਗ ਦੀ ਰਾਹ ਗਹਿਨ, ਰਿਸ਼ੀਆਂ ਨੇ ਸਾਨੂੰ ਪੜ੍ਹਾਈ।

ਬੈਠ ਤਪੱਸਵੀ ਜਦੋਂ ਵੀ ਵੇਖੇ, ਪਾਵਨ ਅਗਨੀ ਦੀ ਜਵਾਲਾ,ਕੀ ਰਹੱਸ ਹੈ ਇਸ ਵਿੱਚ ਐਸਾ, ਜਪੇ ਜੋ ਇਸਦੀ ਹੀ ਮਾਲਾ?ਵੇਦਾਂ ਤੋਂ ਲੈ 'ਫਾਰਸ' ਤੱਕ, ਬਸ ਅਗਨੀ ਦਾ ਹੀ ਵੰਦਨ ਹੈ,ਦੇਵਾਂ ਵਿੱਚ ਜੋ ਪ੍ਰਥਮ ਪੂਜਯ, ਉਸ ਪਾਵਕ ਦਾ ਅਭਿਨੰਦਨ ਹੈ।

ਉਸ ਲਪਟ ਨੂੰ ਧਿਆਨ ਨਾਲ ਵੇਖੋ, ਦਿਸਦੇ ਨੇ ਫਿਰ ਰੰਗ ਚਾਰ,ਹੇਠੋਂ ਉੱਪਰ ਵੇਖੋ ਤਾਂ- ਲਾਲ, ਸੰਤਰੀ, ਬੈਂਗਣੀ, ਸ਼ਵੇਤ ਅਪਾਰ।ਪਹਿਲਾ ਰੰਗ ਹੈ ਲਾਲ, ਜੋ 'ਮੂਲਾਧਾਰ' ਜਿਹਾ ਦਿਸਦਾ ਹੈ,ਕਾਸ਼ਠ-ਸਮਿਧਾ ਦੇ ਰੂਪ ਵਿੱਚ, ਜੋ ਆਧਾਰ ਬਣ ਟਿਕਦਾ ਹੈ।

ਦੂਜਾ ਚੱਕਰ ਹੈ 'ਸਵਾਧਿਸਥਾਨ', ਭੁੱਖ ਤੇ ਸਿਰਜਣ ਦਾ ਧਾਮ,ਜੀਵਨ-ਰਸ ਨੂੰ ਸਾਧਣ ਲਈ, ਇਸ ਊਰਜਾ ਨੂੰ ਦਿਓ ਲਗਾਮ।ਤੀਜਾ ਸਥਾਨ 'ਮਣਿਪੂਰ' ਦਾ, ਜੋ ਨਾਭੀ-ਕੇਂਦਰ 'ਚ ਬਲਦਾ ਹੈ,ਮਿਲਕੇ ਇਹ ਤਿੰਨੋ ਹੀ ਮੰਨੋ, ਅਗਨੀ ਦਾ ਆਧਾਰ ਬਣਦਾ ਹੈ।

ਪਰ ਇਸੇ ਦੇਹ ਵਿੱਚ ਉੱਪਰ ਦੇ, ਜੋ ਚਾਰ ਚੱਕਰ ਮੁਸਕਾਉਂਦੇ ਨੇ,ਓਹੀ ਤਾਂ ਇਸ ਮਾਣਸ ਨੂੰ, ਪਸ਼ੂਤਾ ਤੋਂ ਉੱਪਰ ਉਠਾਉਂਦੇ ਨੇ।

(2. ਕੜਾ: ਬੰਧਨ ਅਤੇ ਅਨੰਤ)

ਦੂਜਾ ਕੱਕਾ ਹੈ 'ਕੜਾ', ਜੋ ਦੱਸੇ ਰੱਬ ਨਾਲ ਜੋੜ,ਮੁੜ-ਮੁੜ ਆਉਣ ਦੀ ਦੌੜ ਨੂੰ, ਦੇਵੇ ਪਲ ਵਿੱਚ ਤੋੜ।ਇਹ ਗੋਲ ਹੈ, ਅਨੰਤ ਹੈ, ਨਾ ਅੰਤ ਤੇ ਨਾ ਸ਼ੁਰੂਆਤ,ਪਰਮਾਤਮਾ ਦੇ ਨਾਲ ਮਿਲਣ ਦੀ, ਹੈ ਏਹੀ ਸੌਗਾਤ।

(ਮਨ: ਦਵੰਦ ਅਤੇ ਵਿਕਾਰ)

ਸਭ ਦੀਆਂ ਆਪਣੀਆਂ ਸੋਚਾਂ ਤੇ, ਸਭ ਦੇ ਆਪਣੇ ਖਿਆਲ,ਹਰ ਕਿਸੇ ਨੂੰ ਚਾਹੀਦਾ ਕੁਝ ਨਾ ਕੁਝ, ਕਿਸੇ ਨੂੰ ਥੋੜ੍ਹਾ ਕਿਸੇ ਨੂੰ ਸਭ ਕੁਝ।ਵੱਡੀਆਂ ਮਹਲ ਮਾੜੀਆਂ ਬੰਨ੍ਹ ਕੇ ਵੀ ਪਰੇਸ਼ਾਨ,ਤੇ ਦੂਜੇ ਦੀ ਤਰੱਕੀ ਵੇਖ ਕੇ ਹੈਰਾਨ।

ਦੂਜਾ ਅੱਗੇ ਜਾਵੇ ਤੇ ਮੈਨੂੰ ਗੁੱਸਾ,ਮੈਂ ਨਾਰਾਜ਼ ਜੇ ਤਾਂ ਉਹ ਹੱਸਿਆ।ਕਿੱਥੇ ਜਾਵਾਂਗਾ ਇਹ ਵੈਰ ਭਰਮ ਲੈ ਕੇ,ਇੱਕ ਤੋਂ ਬਾਅਦ ਹੋਰ ਖਵਾਹਿਸ਼ਾਂ ਲੈ ਕੇ।

ਜੋ ਹਾਸਿਲ ਹੈ, ਉਸ ਲਈ ਸ਼ੁਕਰਗੁਜ਼ਾਰ ਨਹੀਂ,ਪਰ ਜੋ ਦੂਰ ਹੈ, ਉਸ ਲਈ ਖੁਦਗਰਜ਼ ਹੋ ਕੇ।ਹੁਣ ਵੀ ਸੰਭਲ ਜਾ ਵੇ ਬੰਦਿਆ, ਖੁਸ਼ ਰਹਿ, ਨੇਕੀ ਕਰ,ਰੱਬ ਦਾ ਕਰ ਸ਼ੁਕਰਾਨਾ।ਜੇ ਕਿਧਰੇ ਇਹ ਵੀ ਸਮਾਂ ਲੰਘ ਗਿਆ, ਪਰ ਤੇਰੀਆਂ ਹਸਰਤਾਂ ਨਾ ਮੁੱਕੀਆਂ,ਤਾਂ ਮੁੜ ਮੁੜ ਕੇ ਇਸ ਘਰ ਪਏਗਾ ਆਉਣਾ।

(3. ਵਿਵੇਕ: ਕਿਰਪਾਨ ਅਤੇ ਪੰਜ ਕੋਸ਼)

ਫਿਰ 'ਕਿਰਪਾਨ' ਜੋ ਸਜੇ ਗਾਤਰੇ, ਹਰ ਗੁਰਸਿੱਖ ਦੇ ਕੋਲ,

ਮਜ਼ਲੂਮ ਦੀ ਰਾਖੀ ਕਰਨੀ ਏ, ਇਹੋ ਇਸਦਾ ਮੁੱਲ।ਪਰ ਧਿਆਨ ਨਾਲ ਵੇਖੀਂ, ਕੱਟ ਸਕਦੀ ਹੈ ਇਹੋ ਕਿਰਪਾਨ,ਸਾਡੇ 'ਪੰਜ ਕੋਸ਼ਾਂ' ਦੇ ਭਰਮ ਤੇ ਅਗਿਆਨ...

ਪੰਜ ਕੋਸ਼ ਤੇ ਸਹਿਜ ਸਮਾਧੀਪੰਜ ਤੱਤ ਦੇ ਸਰੀਰ ਵਿੱਚ ਨੇ, ਇਹ ਪੰਜੇ ਹੀ ਕੋਸ਼,

ਇਨ੍ਹਾਂ ਸਭ ਤੋਂ ਹੀ ਤੈਅ ਹੁੰਦੇ, ਮਾਨਵ ਗੁਣ ਤੇ ਦੋਸ਼।

ਪਹਿਲਾ ਕੋਸ਼ 'ਅੰਨਮਯ' ਜੋ, ਦਿਖੇ ਸਭ ਨੂੰ ਭਰਪੂਰ,ਜੇ ਹੋਵੇ ਉਹ ਤੰਦਰੁਸਤ ਤਾਂ, ਰੱਖੇ ਚਿਹਰੇ ਤੇ ਨੂਰ।ਸਵਸਥ ਸਰੀਰ 'ਚ ਹੀ ਮਿਲੇ, ਆਤਮਾ ਨੂੰ ਵਿਸ਼ਰਾਮ,ਜਾਗ੍ਰਤ ਤੇ ਸੁਪਨੇ ਦੇ ਬਾਅਦ, ਸੁਖੋਪਤੀ ਦੇਵੇ ਆਰਾਮ।

ਦੂਜਾ ਕੋਸ਼ ਹੈ 'ਪ੍ਰਾਣਮਯ', ਰਹੇ ਵਾਯੂ ਦੇ ਸੰਗ,ਪ੍ਰਾਣ ਦੇਵੇ ਇਸ ਸਰੀਰ ਨੂੰ, ਬਦਲੇ ਇਸਦਾ ਰੰਗ।ਤੀਜਾ ਕੋਸ਼ 'ਮਨੋਮਯ' ਜੋ, ਘੁੰਮੇ ਮਨ ਦੇ ਨਾਲ,ਮਨ ਦੀ ਸਿਹਤ ਰੱਖਣ ਵਿੱਚ, ਇਸਦਾ ਵੱਡਾ ਹੈ ਕਮਾਲ।

ਚੌਥਾ ਕੋਸ਼ 'ਵਿਗਿਆਨਮਯ', ਜੋ ਬੁੱਧੀ ਵਿੱਚ ਸਮਾਏ,ਇਸ ਨੂੰ ਪਾ ਕੇ ਹਰ ਮਾਨਵ, 'ਵਿਵੇਕ' ਦਾ ਰੰਗ ਜਮਾਏ।ਪੰਜਵਾਂ ਕੋਸ਼ ਹੈ 'ਆਨੰਦਮਯ', ਜੋ ਦੇਵੇ ਸੁਖ ਭਰਪੂਰ,ਇਸ ਨੂੰ ਪਾ ਕੇ ਹੀ ਤਾਂ, ਨਾ ਰਹੇ ਦੇਵਲੋਕ ਵੀ ਦੂਰ।

ਇਨ੍ਹਾਂ ਪੰਜ ਕੋਸ਼ਾਂ ਦੇ ਅੱਗੇ ਵੀ, ਇੱਕ ਰਸਤਾ ਹੈ,ਸਤਿ-ਚਿਤ-ਆਨੰਦ ਉਸ ਜਗ੍ਹਾ, ਹਮੇਸ਼ਾ ਵੱਸਦਾ ਹੈ।ਸਹਿਜ ਸਮਾਧੀ ਦੀ ਅਵਸਥਾ, ਆਵੇ ਜਿਸਦੇ ਜੀਵਨ 'ਚ,

ਵਿਦੇਹ-ਪ੍ਰਕਿਰਤੀ ਲੀਨ ਹੋ, ਉਹ ਜਾਵੇ ਇੱਕ ਹੀ ਪਲ 'ਚ॥

(4. ਨਿਸ਼ਕਰਸ਼: 'ਕੇਸ' ਤੇ ‘ਕੰਘਾ' -ਸਰਲਤਾ)

ਨਾਲ ਹੀ ਸੋਹਣੇ 'ਕੇਸ' ਤੇ 'ਕੰਘਾ', ਸਿੱਖੀ ਦੀ ਪਹਿਚਾਣ,ਕੇਸ ਰਜ਼ਾ ਨੇ ਮਾਲਿਕ ਦੀ, ਕੰਘਾ ਸਫ਼ਾਈ ਦਾ ਨਿਸ਼ਾਨ।ਜੇ ਗੁੰਝਲ ਪੈ ਜਾਣ ਵਾਲਾਂ 'ਚ, ਤਾਂ ਕੰਘਾ ਦਿੰਦਾ ਸਵਾਰ,ਐਵੇਂ ਹੀ ਗੁਰੂ ਦੀ ਮੱਤ ਨਾਲ, ਬੰਦਾ ਲੰਘੇ ਭਵਸਾਗਰ ਪਾਰ।

ਜੇ ਕਿਤੇ ਵਾਲਾਂ ਦੇ ਗੁੰਝਲ ਖੁੱਲ ਜਾਣ,ਤੇ ਤੂੰ ਕੰਘੀ ਵਾਹ ਕੇ ਸਿੱਧੇ ਕਰ ਸਕੇਂ।ਤਾਂ ਹੋਰ ਜ਼ਿੰਦਗੀ 'ਚ ਕੁਝ ਨਹੀਂ ਚਾਹੀਦਾ,ਕਿਉਂਕਿ ਸਾਰਾ ਸਿਆਪਾ ਹੀ ਗੁੰਝਲਾਂ ਦਾ ਹੈ।

ਮੇਰੀ ਕੀ ਔਕਾਤ ਹੈ ਜੋ ਉਸ 'ਤੇ ਟੀਕਾ ਕਰਾਂ,ਇਹ ਮਹਾਰਾਜ ਦੀ ਮਿਹਰ ਹੈ ਜੋ ਮੇਰੇ ਤੋਂ ਲਿਖਵਾ ਰਹੀ ਹੈ।ਭਲਾ ਕਥਾ ਨੇ ਕੀਜਾ।

ਮਾਸੂਮ ਮੁਰਸ਼ਦ (The Innocent Teacher)

28 of 39 · contents ↑

ਇੱਕ ਪ੍ਰਾਣੀ ਸਾਡੇ ਘਰ ਵਿੱਚ ਆਇਆਆ ਕੇ ਉਸ ਨੇ ਧਮਾਲ ਮਚਾਇਆ।ਭੂਰੇ-ਚਿੱਟੇ ਬਾਲ ਤੇ ਦੋਸਤੀ ਸਭ ਦੇ ਨਾਲਵਡੀਆਂ ਅੱਖਾਂ ਵੇਖ ਕੇ, ਪੁੱਛੀਏ ਉਸ ਦਾ ਹਾਲਛੋਟਾ ਜਿਹਾ ਸਰੀਰ ਹੈ, ਪਰ ਦਮਦਾਰ ਆਵਾਜ਼ਫਿਰੇ ਸਭ ਦੇ ਅੱਗੇ ਪਿੱਛੇ, ਪਰ ਉੱਚੀ ਹੈ ਪਰਵਾਜ਼।

ਰੱਬ ਨੇ ਤਾਂ ਸਾਰੇ ਜੀਵ ਏਦਾਂ ਹੀ ਸਾਜੇਕੁਝ ਜੰਗਲਾਂ 'ਚ, ਤੇ ਕੁਝ ਘਰਾਂ 'ਚ ਵਿਰਾਜੇ।ਇਨਸਾਨ ਵੀ ਤਾਂ ਓਸੇ ਰੱਬ ਬਣਾਇਆਪਰ ਉਸ ਨੇ ਵੱਖਰਾ ਖੇਲ ਰਚਾਇਆ।

ਆਪਣੇ ਆਪ ਨੂੰ ਮਹਾਨ ਬਣਾਣ ਲਈਬੰਦੇ ਨੇ ਸਭ ਨੂੰ ਛੋਟਾ ਠਹਿਰਾਇਆਕੁਝ ਨੂੰ 'ਜੰਗਲੀ' ਕਿਹਾ ਤੇ ਕੁਝ ਨੂੰ 'ਪਾਲਤੂ' ਬਣਾਇਆਸੇਵਾ, ਸੁਆਦ ਤੇ ਸਹੂਲਤ ਦਾ ਜ਼ਰਿਆ ਬਣਾਇਆ।

ਹਰ ਚੀਜ਼ ਲਈ ਬੰਦਾ ਦੂਜੇ ਤੇ ਨਿਰਭਰ ਹੈਫਿਰ ਵੀ ਆਪਣੇ ਆਪ ਨੂੰ ਮਹਾਨ ਸਮਝੇ।ਦੁਨਿਆਵੀ ਚੀਜ਼ਾਂ ਇਕੱਠੀਆਂ ਕਰ ਕੇ ਸਾਰਾ ਵਕਤਸਭ ਨੂੰ ਗੁਲਾਮ ਤੇ ਖੁਦ ਨੂੰ ਕਰਤਾ-ਧਰਤਾ ਸਮਝੇ।

ਹਰ ਵੇਲੇ ਮਾਇਆ ਦੇ ਚੱਕਰਾਂ 'ਚ ਫਸਿਆਕਾਮ, ਕ੍ਰੋਧ, ਲੋਭ ਤੇ ਮੋਹ ਵਿੱਚ ਧਸਿਆਸਾਰਾ ਵਕਤ ਪਰੇਸ਼ਾਨ ਤੇ ਖੋਣ ਦਾ ਭਉਕਦੇ ਨਾ ਮਿਲਦੀ ਇਸ ਮਨ ਨੂੰ ਸਉ।

ਹੁਣ ਸਾਡੇ ਨਿੱਕੇ 'ਪ੍ਰਾਣੀ' ਨੂੰ ਵੇਖੋਬਸ ਇਕ 'ਤੇ ਉਸ ਨੂੰ ਵਿਸ਼ਵਾਸ ਹੈਰਹਿਣ ਤੇ ਖਾਣ ਪੀਣ ਦੀ ਚਿੰਤਾ ਨਹੀਂਬਸ ਪਿਆਰ ਦੀ ਉਸ ਨੂੰ ਆਸ ਹੈ।

ਜਿੰਨਾ ਪਿਆਰ ਉਸ ਨੂੰ ਅਸੀਂ ਕਰੀਏਉਸ ਤੋਂ ਵੱਧ ਕੇ ਓਹ ਸਾਨੂੰ ਕਰੇਅਸੀਂ ਸਾਰੇ ਉਸ ਲਈ ਕੰਮ ਕਮਾਈਏਤੇ ਘਰ ਬੈਠਾ ਓਹ ਸਾਡੀ ਉਡੀਕ ਕਰੇ।

ਜੇ ਬੰਦਾ ਵੀ ਏਹ ਮੰਤਰ ਸਿੱਖ ਜਾਏਵੈਰ ਭਰਮ ਸਭ ਮਿਨਟ 'ਚ ਮਿਟ ਜਾਏਜਦ ਹਰ ਕੋਈ ਇਕ ਦੂਜੇ ਦੀ ਉਡੀਕ 'ਚ ਹੋਏਤਾਂ ਇਨਸਾਨ 'ਨਿਰਭਉ ਨਿਰਵੈਰ' ਬਣ ਜਾਏ।

ਇਨਸਾਨੀਅਤ ਦੀ ਮਿਸਾਲ

29 of 39 · contents ↑

ਅੱਜ ਜਾ ਕੇ ਇਕ ਗੱਲ ਸਮਝ 'ਚ ਆਈਪੜ੍ਹ ਲਿਖ ਕੇ ਜਾਦਾ ਨ ਬਣਦਾ ਸਵਾਈ

ਇਨਸਾਨੀਅਤ ਇਕ ਹੋਰ ਸ਼ੈ ਹੈਜੋ ਅੰਦਰ ਤੋਂ ਉਗਦੀ ਹੈ,ਕੋਈ ਕਿਤਾਬ ਤੇ ਕੋਈ ਮਾਸਟਰਕਿਸੇ ਦੇ ਅੰਦਰ ਨਹੀਂ ਭਰ ਸਕਦਾ,ਜਿਸ ਬੰਦੇ 'ਚ ਇਨਸਾਨੀਅਤ ਹੋਵੇਉਹ ਬੁਰਾ ਕੰਮ ਕਦੇ ਨਹੀਂ ਕਰ ਸਕਦਾ।

ਇਹ ਸੋਹਣੀਆਂ-ਸੋਹਣੀਆਂ ਕੁੜੀਆਂ ਨੇਤੇ ਮਿੱਠੀ ਇਨ੍ਹਾਂ ਦੀ ਬੋਲੀ,ਕੰਮ ਇਨ੍ਹਾਂ ਦਾ ਸਭ ਤੋਂ ਚੰਗਾਤੇ ਸੂਰਤ ਸਭ ਤੋਂ ਭੋਲੀ।

ਆਪਣੇ ਕੰਮ 'ਚ ਮਸ਼ਗੂਲ ਹਣਤੇ ਮਦਦ ਲਈ ਸਦਾ ਤਿਆਰ,ਖਿਆਲ ਰਖਦੀਆਂ ਸਭ ਦਾਜਿਵੇਂ ਭੈਣ ਛੋਟੀ ਕਰੇ ਪਿਆਰ।

ਬਹੁਤ ਕੁਝ ਹੈ ਸਿੱਖਣ ਲਈ ਇਨ੍ਹਾਂ ਤੋਂਕਿਵੇਂ ਸਾਰਾ ਦਿਨ ਮਸ਼ਗੂਲ ਹੋ ਕੇ ਵੀ,ਮੁਸਕੁਰਾਹਟ ਬਣਾ ਕੇ ਰੱਖਣੀ ਹੈ,ਅੰਦਰ ਕਿੰਨਾ ਵੀ ਦਰਦ ਹੋਵੇਸ਼ਕਲ ਸੋਹਣੀ ਬਣਾ ਕੇ ਰੱਖਣੀ ਹੈ।

ਲੱਖਾਂ ਤਰ੍ਹਾਂ ਦੇ ਯਾਤਰੀਪਰ ਇਨ੍ਹਾਂ ਦੀ ਨੇਚਰ ਇਕ,ਲੋਕਾਂ ਦੇ ਭਗਵਾਨ ਵੱਖਰੇ-ਵੱਖਰੇਪਰ ਇਨ੍ਹਾਂ ਦਾ ਰੱਬ ਇਕ।

ਜੇ ਬੰਦਾ ਇਨ੍ਹਾਂ ਕੁੜੀਆਂ ਤੋਂ ਕੁਝ ਸਿੱਖ ਪਾਵੇਤਾਂ ਸਾਰਾ ਜਗ ਸੁੰਦਰ ਬਣ ਜਾਵੇ,ਇਕ ਦੂਜੇ ਦਾ ਸਭ ਖਿਆਲ ਰੱਖਣਤੇ ਵੈਰ ਭ੍ਰਮ ਸਭ ਮਿਟ ਜਾਵੇ।।

ਫਰਕ

30 of 39 · contents ↑

ਤੇਰੀਆਂ ਮੇਰੀਆਂ ਖੇਡਾਂ ਇੱਕੋ ਜਿਹੀਆਂ ਨੇਦੋਨੋਂ ਬਣਾ, ਚਲਾ ਤੇ ਮੁਕਾ ਸਕਦੇ ਨੇਇੱਕ ਬੜਾ ਫਰਕ ਹੈ—ਤੂੰ ਕਰਦੇ ਹੋਏ ਭੀ ਯਾਦ ਨਹੀਂ ਰੱਖਦਾਤੇ ਮੈਂ ਕੁਝ ਭੁੱਲ ਨਹੀਂ ਸਕਦਾ

ਜ਼ਰੂਰਤ ਅਤੇ ਚਾਹਤ

31 of 39 · contents ↑

ਹਰ ਕੋਈ ਆਪਣੇ-ਆਪਣੇ 'ਚ ਮਸਰੂਫ਼ ਹੈਕੋਈ ਸੌਣ 'ਚ, ਕੋਈ ਖਾਣ 'ਚ, ਤੇ ਕੋਈ ਪੈਸੇ ਕਮਾਉਣ 'ਚ।

ਪੈਸਾ ਜ਼ਰੂਰਤ ਹੈ ਇਨਸਾਨ ਦੀ, ਤੇ ਉਹਦੇ 'ਤੇ ਇਨਸਾਨ ਪਾਗਲ ਹੈਇਸ ਪੈਸਾ ਕਮਾਉਣ ਦੀ ਅੰਨ੍ਹੀ ਦੌੜ 'ਚ ਤਕਰੀਬਨ ਹਰ ਕੋਈ ਸ਼ਾਮਿਲ ਹੈ।

ਰੱਬ ਨੇ ਬਣਾਈ ਧਰਤ ਤੇ ਸਾਰੀ ਕਾਇਨਾਤਫੇਰ ਬਣਾਇਆ ਇਨਸਾਨ, ਤੇ ਉਸ ਨੇ ਜਾਇਦਾਦ।

ਹੁਣ ਸਵਾਲ ਇਹ ਹੈ ਕਿ ਜ਼ਰੂਰਤ ਕਿੰਨੀ ਤੇ ਚਾਹਤ ਕਿੰਨੀਜ਼ਰੂਰਤ ਦੀਆਂ ਸਾਰੀਆਂ ਨਿਅਮਤਾਂ ਤਾਂ ਰੱਬ ਨੇ ਬਖ਼ਸ਼ੀਆਂ ਨੇ,ਪਰ ਚਾਹਤਾਂ ਤਾਂ ਇਨਸਾਨ ਦੀਆਂ ਬਣਾਈਆਂ ਨੇ,ਇਨ੍ਹਾਂ ਚਾਹਤਾਂ 'ਚ ਕਿਸੇ ਦੀ ਕਮੀਜ਼ ਪਸੀਨੇ ਨਾਲ, ਤੇ ਕਿਸੇ ਦੀ ਖੂਨ ਨਾਲ ਭਿੱਜੀ।

ਖੂਨ-ਪਸੀਨਾ ਤਾਂ ਜ਼ਰੂਰਤਾਂ ਲਈ ਵੀ ਬਹਾਇਆ ਜਾਂਦਾ ਹੈਪਰ ਹਕੀਕਤ ਇਹ ਹੈ ਕਿ ਬੰਦਾ ਇਹ ਫਰਕ ਨਹੀਂ ਸਮਝ ਪਾਉਂਦਾ ਹੈ।

ਜ਼ਰੂਰਤਾਂ ਲਈ ਆਪਣਾ ਖੂਨ ਤੇ ਆਪਣਾ ਪਸੀਨਾਚਾਹਤਾਂ ਲਈ ਦੂਜੇ ਦਾ ਖੂਨ ਤੇ ਦੂਜੇ ਦਾ ਹੀ ਪਸੀਨਾ।।

ਕੈਦ ਪਰਿੰਦੇ ਤੇ ਸ਼ਹਿਰੀ ਪਿੰਜਰਾ

32 of 39 · contents ↑

ਅੱਜ ਜਦੋਂ ਮੈਨੂੰ ਤੇਰੀ ਯਾਦ ਆਈ,ਓਸ ਉੱਜੜੀ ਹੋਈ ਬਹਾਰ ਦੀ ਤਸਵੀਰ ਦਿੱਤੀ ਦਿਖਾਈ।

ਇੱਕ ਸਮਾਂ ਸੀ ਅਸੀਂ ਨਾਲ ਸਨ,ਅੱਜ ਹਾਲਾਤ ਮੇਰੇ ਕਾਬੂ ਤੋਂ ਬਾਹਰ ਹਨ।

ਮੈਂ ਤੇ ਤੂੰ ਲੱਭਦੇ ਸੀ ਤਿਤਲੀਆਂ ਤੇ ਬਟੇਰ,ਅਮਰੂਦ, ਸੰਤਰੇ, ਅੰਬ, ਅਨਾਹ ਤੇ ਬੇਰ।

ਉਹ ਸਾਡੇ ਪਿੰਡ ਦੇ ਨਜ਼ਾਰੇ ਸਨ,ਪਰ ਅਸੀਂ ਆਪਣੇ ਖਿਆਲਾਂ 'ਚ ਸ਼ਹੀਦ ਵਾਂਗ ਉਤਾਰੇ ਸਨ।

ਅੱਜਕੱਲ੍ਹ ਮੈਂ ਸ਼ਹਿਰ 'ਚ ਹਾਂ ਜੀ,ਲੋਕੀ ਆਪਣੇ ਹੰਕਾਰ ਦੀ ਫਿਜ਼ਾ 'ਚ ਹਾਂ ਜੀ।

ਪੱਕੇ ਮਕਾਨ ਪੱਕੀਆਂ ਸੜਕਾਂ,ਇੱਕ ਦੂਜੇ ਵਿੱਚ ਰੋਜ਼ ਦੀਆਂ ਰੜਕਾਂ।

ਲਿਫ਼ਾਫ਼ਿਆਂ 'ਚ ਖਾਣਾ ਤੇ ਫ਼ਿਲਟਰ ਦਾ ਪਾਣੀ,ਸ਼ਾਪਿੰਗ ਮਾਲ 'ਚ ਵਿਕਦੀ ਹਰ ਚੀਜ਼ ਪੁਰਾਣੀ।ਹਰ ਕਿਸੇ ਨੂੰ ਤਾਂ ਸ਼ਹਿਰ ਹੀ ਵਸਣਾ ਹੈ,ਨਾ ਚਾਹੁੰਦੇ ਵੀ ਇਸ ਚੱਕਰ 'ਚ ਧਸਣਾ ਹੈ।

ਧੂੰਆਂ ਧੁਖਦਾ ਰੋਜ਼ ਦਾ ਕੰਮ,ਬਹੁਤਾ ਕਮਾ (ਕੇ) ਵੀ ਥੋੜੇ ਹੋਣ ਦਾ ਗਮ।

ਰੋਜ਼ ਸ਼ਾਮ ਨੂੰ ਸੋਚਿਆਂ ਮੈਂ,ਕਿਹੜੀ ਲੋੜ ਸੀ ਏਹ ਸਭ ਦੀ?ਛੋਟੇ-ਛੋਟੇ ਮੰਦਰਾਂ 'ਚ ਰੱਖੇ ਰੱਬ ਦੀ।

ਮੈਂ ਆਪ ਤੇ ਦੜਬੇ ਵਰਗੇ ਮਕਾਨ 'ਚ ਹਾਂ,ਫਿਰ ਰੱਬ ਘਰ ਕਿਥੋਂ ਵੱਡਾ ਬਣੇ?

ਜੇ ਸਾਰੇ ਅੰਨ੍ਹੀ ਦੌੜ 'ਚ ਹਨ ਤਾਂ,ਬੱਚਿਆਂ ਦਾ ਚਰਿੱਤਰ ਕਿਉਂ ਚੰਗਾ ਬਣੇ?

ਮੈਨੂੰ ਨਹੀਂ ਪਤਾ ਇਸ ਸਭ ਦਾ ਜਵਾਬ ਕੀ ਹੈ,ਇਸ ਸ਼ਹਿਰ 'ਚ ਸਹੀ ਕੀ ਹੈ ਤੇ ਖਰਾਬ ਕੀ ਹੈ?

ਮਾਂ: ਆਦਿ-ਸ਼ਕਤੀ ਦਾ ਪ੍ਰਤੀਬਿੰਬ

33 of 39 · contents ↑

ਸੰਸਾਰੀ, ਭੰਡਾਰੀ ਤੇ ਦੀਵਾਨ ਤਿੰਨੋਂ,ਉਸ ਦੇ ਹੀ ਤਾਂ ਰੂਪ ਨੇ,ਪਰ ਉਹ ਤਾਂ ਸਭ ਤੋਂ ਅਲਗ ਹੈ,ਨਿਰਗੁਣ ਨਿਰਾਕਾਰ ਹੈ।

ਬ੍ਰਹਮੰਡ ਦੀ ਸਿਰਜਣਹਾਰ ਹੈ ਤੇ,ਅਥਾਹ ਤਾਕਤ ਦੀ ਭੰਡਾਰ ਹੈ।ਕਿਸੇ ਨੇ ਤ੍ਰਿਪੁਰੇਸ਼ਵਰੀ ਕਿਹਾ ਤੇ,ਕਿਸੇ ਨੇ ਜਗਤ ਜਨਨੀ,ਕਿਸੇ ਨੇ ਕਿਹਾ ਆਦਿ ਸ਼ਕਤੀ,ਪਰ ਹਰ ਕੋਈ ਕਰੇ ਉਸ ਦੀ ਭਗਤੀ।

ਮਾਵਾਂ ਵੀ ਤੇ ਆਦਿ ਸ਼ਕਤੀ ਹਨ,ਜੋ ਸੰਸਾਰ 'ਚ ਜਨਮ ਦੇਂਦੀਆਂ ਹਨ।ਬਚਪਨ 'ਚ ਪਾਲ ਪੋਸ ਕੇ,ਸੰਸਾਰ ਚਲਾਣ ਲਈ ਛੱਡ ਦੇਂਦੀਆਂ ਹਨ।

ਜੇ ਕੋਈ ਇਨ੍ਹਾਂ ਦੀ ਉਪਜ ਨੂੰ ਕਰੇ ਖਰਾਬ,ਤਾਂ ਦੁਰਗਾ ਬਣ ਕੇ ਦੇਂਦੀਆਂ ਨੇ ਜਵਾਬ।ਅਗਰ ਰਹੋ ਪਿਆਰ ਨਾਲ ਤਾਂ,ਸਰਸਵਤੀ ਤੇ ਲਕਸ਼ਮੀ ਬਣਕੇ,ਉਤਾਰ ਦੇਂਦੀਆਂ ਸਾਰਿਆਂ ਨੂੰ ਪਾਰ।

ਸਿਰਲੇਖ: ਇਨਸਾਨ, ਮਸ਼ੀਨ ਤੇ ਗੁਲਾਮੀ

34 of 39 · contents ↑

ਅੱਜ ਫਿਰ ਫਲਾਈਟ ਲੇਟ ਹੋ ਗਈ,ਤੇ ਮੇਰੇ ਲਈ ਥੋੜੀ ਹੋਰ ਵੇਟ ਹੋ ਗਈ।ਹੁਣ ਸਵਾਲ ਇਹ ਹੈ ਕਿ ਇਸ ਟਾਈਮ 'ਚ ਕੀਤਾ ਕੀ ਜਾਏ?ਕੋਈ ਆਪਣੀ 'Call' ਤੇ, ਕੋਈ ਆਪਣੇ Phone ਤੇ ਖ਼ਬਰਾਂ ਸੁਣਾਏ।

ਹਰ ਬੰਦਾ ਸਕ੍ਰੀਨ (Screen) 'ਚ ਵੜ ਗਿਆ,ਇਸ ਇੰਟਰਨੈੱਟ (Internet) ਦਾ ਭੂਤ ਸਭ 'ਤੇ ਚੜ੍ਹ ਗਿਆ।ਹੁਣ ਤੇ ਹੋਰ ਵੀ ਮਜ਼ਾ, 'A.I.' ਆ ਗਿਆ,ਤੇ ਅੱਖਾਂ ਨੂੰ ਸਜ਼ਾ ਹੀ ਸਜ਼ਾ।

ਇੱਕ ਵੀ ਪਲ ਤੁਸੀਂ ਅੱਖਾਂ ਨਾ ਹਟਾ ਸਕੇ,ਨਾ ਤੇ ਕੁਝ ਹੋਰ ਸੁਣੇ, ਤੇ ਨਾ ਹੀ ਕੁਝ ਹੋਰ ਕਰੇ।ਰੱਬ ਨੇ ਬੰਦੇ ਨੂੰ ਦਿਮਾਗ ਦਿੱਤਾ ਸੋਚਣ-ਸਮਝਣ ਲਈ,ਰੱਬ ਦੀ ਬਣਾਈ ਕੁਦਰਤ ਤੇ ਉਸ ਦੀ ਖੁਬਸੂਰਤੀ ਵੇਖਣ ਲਈ।

ਪਰ ਇਨਸਾਨ ਨੇ ਤਾਂ ਆਪਣੀ ਹੀ ਘਾੜਤ ਘੜ ਲਈ,ਰੱਬ ਨੂੰ ਰਿਪਲੇਸ (Replace) ਕਰਨ ਦੀ ਪੂਰੀ ਤਿਆਰੀ ਕਰ ਲਈ।'A.I.' ਤੇ ਡਿਪੈਂਡੈਂਸ (Dependence) ਕਿੱਥੇ ਲੈ ਕੇ ਜਾਏਗੀ?ਦਿਮਾਗ ਦੇ ਇਸਤੇਮਾਲ ਨੂੰ ਹੋਰ ਘੱਟ ਕਰਵਾਏਗੀ।

ਡੋਮੇਨ ਕੋਗਨਿਟਿਵ (Domain Cognitive) ਜਾਣਗੇ ਤੇਲ ਲੈਣ,ਤੇ ਅਫੈਕਟਿਵ (Affective) ਹਿੱਸਾ ਜਾਏਗਾ ਲੈਣ ਸਮੋਸੇ।ਸਾਈਕੋਮੋਟਰ (Psychomotor) ਹੋਏਗਾ ਮਸ਼ੀਨਾਂ 'ਤੇ ਨਿਰਭਰ,ਆਖਿਰ 'ਚ ਇਨਸਾਨ ਆਪਣੇ ਆਪ ਨੂੰ ਕੋਸੇ।

ਹੁਣ ਤੇ 'D.M.' ਦਾ ਜਵਾਬ ਵੀ A.I. ਬਣਾਉਂਦਾ ਹੈ,

ਖਾਲੀ ਹੋਏ ਦਿਮਾਗ ਨੂੰ ਹੋਰ ਬੇਕਾਰ ਬਣਾਉਂਦਾ ਹੈ।ਜੇ ਸੋਚ ਕੇ ਦੇਖੋ ਕਿ ਕੱਲ ਕਿਤੇ Cloud ਤੇ Data Centres ਫੇਲ ਹੋ ਗਏ,ਸਾਰੀ ਦੁਨੀਆ ਦੇ ਉੱਡਦੇ Satellites,ਬੈਠੇ-ਬਿਠਾਏ 'ਭਾਰਤੀਯ ਰੇਲ' ਹੋ ਗਏ।

ਪਰ ਮੈਨੂੰ ਤਾਂ Phone ਤੋਂ ਅੱਗੇ ਆਉਂਦਾ ਕੁਝ ਨਹੀਂ,Screen ਨੂੰ ਛੱਡ ਕੇ ਮੈਨੂੰ ਭਾਉਂਦਾ ਕੁਝ ਨਹੀਂ।Phone ਸਮਾਰਟ, Home appliances ਸਮਾਰਟ...ਤੇ ਬੰਦਾ ਬਣਿਆ ਉਹਨਾਂ 'ਤੇ ਡਿਪੈਂਡੈਂਟ (Dependent)।ਇਨਸਾਨ ਬਣਿਆ ਗੁਲਾਮ, ਤੇ ਮਸ਼ੀਨਾਂ ਇੰਡੀਪੈਂਡੈਂਟ (Independent)।

ਚਾਹ ਤੇ ਕੌਫ਼ੀ

35 of 39 · contents ↑

ਚਾਹ ਪੀਓ ਜਾਂ ਪੀਓ ਕੌਫ਼ੀ,ਜਿੰਨਾ ਵੀ ਪੀ ਲਓ, ਇਹ ਹੁੰਦੀਆਂ ਨਹੀਂ ਕਦੇ ਕਾਫ਼ੀ।

ਬੰਦਾ ਇਨ੍ਹਾਂ 'ਚੋਂ ਇੱਕ 'ਤੇ Dependent ਹੈ,ਜੇ ਨਾ ਮਿਲਣ ਇਹ ਤਾਂ ਕੁਝ ਵੀ ਉਹ ਕਰ ਜਾਏਗਾ,ਚਾਹ ਕੌਫ਼ੀ ਪਾਉਣ ਲਈ ਸੱਤ ਸਮੁੰਦਰ ਵੀ ਤਰ ਜਾਏਗਾ।

ਚਾਹ ਚੱਲੀ ਚੀਨ ਤੋਂ, ਤੇ ਕੌਫ਼ੀ ਇਥੋਪੀਆ ਤੋਂ,ਚਾਹ ਸਮੁੰਦਰ ਰਸਤੇ ਚੱਲੀ ਤਾਂ Tea ਹੋ ਗਈ,ਜੇ ਗਈ ਸੜਕ ਰਸਤੇ ਤਾਂ Chai ਬਣ ਗਈ।

ਕੌਫ਼ੀ ਕਿਤੇ ਘੱਟ ਹੈ, ਸਾਰੇ ਜਗ 'ਚ ਇਸ ਦੀ ਹਕੂਮਤ ਹੈ,Europe 'ਚ ਗਈ ਤਾਂ Industrial Revolution ਲਿਆ ਦਿੱਤੀ,ਪੀਣ ਵਾਲੇ ਦੀ ਨੀਂਦਰ ਇਸ ਨੇ ਉਡਾ ਦਿੱਤੀ।

ਜਦੋਂ ਵੀ ਇਹ ਦੋਨੋਂ ਸਾਹਮਣੇ ਆਵਣ,ਬੰਦਾ ਆਪ ਨੂੰ ਭੁੱਲ ਜਾਂਦਾ ਹੈ,ਇੱਕ ਘੁੱਟ ਚਾਹ ਜਾਂ ਕੌਫ਼ੀ ਪੀ ਕੇ,ਰੱਬ ਦਾ ਸ਼ੁਕਰ ਮਨਾਉਂਦਾ ਹੈ।

ਝੱਲੇ ਦਾ ਝੱਲਾ

36 of 39 · contents ↑

ਕਿਉਂ ਯਾਦ ਤੇਰੀ ਬੱਸ ਗ਼ਮ ਦੇ ਬਹਾਨੇ ਆਵੇ?ਜਦ ਕੁਝ ਚਾਹੀਦਾ, ਜਾਂ ਕੋਈ ਥੁੜ ਸਤਾਵੇ।ਦੋਵਾਂ ਜਹਾਨਾਂ ਦਾ ਮਾਲਿਕ ਤੂੰ,ਸਭ ਦੇ ਦੁਖ-ਸੁਖ ਦਾ ਪਾਲਕ ਤੂੰ।

ਮੈਂ ਹੀ 'ਇਹ' ਤੇ ਮੈਂ ਹੀ 'ਉਹ',ਮੈਂ ਹੀ ਦਾਤਾ, ਮੈਂ ਹੀ ਮੰਗ।ਮੇਰੀ 'ਮੈਂ-ਮੈਂ' ਮੈਨੂੰ ਕਿਥੇ ਲੈ ਆਈ?ਹੁਣ ਆਪਣੇ ਅੰਦਰ ਕੁਝ ਦੇਵੇ ਨਾ ਦਿਖਾਈ।

ਅੱਖਾਂ ਕਿੰਨੀਆਂ ਕਾਫ਼ਰ ਨੇ,ਹੱਕ ਦੀਆਂ ਵੈਰੀ, ਆਖਿਰ ਨੇ।ਇਸ ਅੰਨ੍ਹੀ ਦੌੜ 'ਚ ਬੰਦਾ ਫਸਿਆ,ਆਪਣੇ ਆਪ ਤੋਂ, ਦੱਸ ਕੀ ਖਸਿਆ?

ਅੰਤ 'ਚ ਬੰਦਾ ਕੱਲੇ ਦਾ ਕੱਲਾ,ਸਾਰੀ 'ਸਿਆਣਪ' ਵਿਖਾ ਕੇ ਵੀ...ਝੱਲੇ ਦਾ ਝੱਲਾ!

ਬੇਪਰਵਾਹੀ

37 of 39 · contents ↑

ਜੇ ਮੇਰੇ ਮਰਜ਼ ਦੀ ਦਵਾ ਤੂੰ ਹੋ ਜਾਏ,ਮੇਰੇ ਲਬਾਂ ਦੀ ਹਰ ਦੁਆ ਕਬੂਲ ਹੋ ਜਾਏ।

ਪਰ ਮੇਰਾ ਦਰਦ ਤੇ ਦੁਨਿਆਵੀ ਹੈ,ਇਹ ਤਾਂ ਆਪਣੇ ਨਸ਼ੇ 'ਚ ਸ਼ਰਾਬੀ ਹੈ।

ਕੋਈ ਫਰਕ ਨਹੀਂ ਪੈਂਦਾ ਮੈਨੂੰ,ਕਿਹਨੂੰ ਮੈਂ ਬੁਰਾ ਆਖਿਆ, ਤੇ ਕਿੱਦਾਂ ਮੈਂ ਬੁਰਾ ਕੀਤਾ।

ਗ਼ਰੂਰ ਤੇ ਪਛਤਾਵਾ

38 of 39 · contents ↑

ਜੇ ਅੱਜ ਕਿਸੇ ਦੀ ਯਾਦ ਆਈ ਤਾਂ,ਦਿਲ ਮੇਰੇ 'ਚ ਪੀਂਘਾਂ ਪੈਣ।ਸਾਰੇ ਕੰਮ-ਕਾਜ ਪਿੱਛੇ ਰੱਖ ਕੇ,ਮੇਰੇ ਮਨ ਦੇ ਵਿਚਾਰ ਇਹ ਕਹਿਣ।

ਤੂੰ ਕਿਉਂ ਨਾਰਾਜ਼ ਸੀ ਇੰਨਾ ਮੈਥੋਂ ਕਿ,ਮੇਰੇ ਦਿਲ 'ਚੋਂ ਆਪਣੇ ਆਪ ਨੂੰ ਭੁਲਾ ਦਿੱਤਾ।ਮੇਰੇ ਵੱਸਦੇ-ਵਸਾਏ ਘਰ 'ਚੋਂ,ਉਮੀਦ ਦਾ ਦੀਪਕ ਬੁਝਾ ਦਿੱਤਾ।

ਪਰ ਮੇਰੀ ਇਹ ਬੇਗ਼ੈਰਤੀ ਵੇਖੋ,ਆਪਣੀ ਭੁੱਲ ਦਾ ਕੋਈ ਜ਼ਿਕਰ ਨਹੀਂ।ਇੰਨਾ ਮੇਰਾ ਗ਼ਰੂਰ ਕਿ,ਆਪਣੇ ਨੂੰ ਛੱਡ ਕੇ ਉਸ ਦੀ ਵੀ ਫ਼ਿਕਰ ਨਹੀਂ।

ਕੋਈ ਪੁੱਛੇ ਮੇਰੇ ਵਰਗਿਆਂ ਤੋਂ,ਇੰਨਾ ਗ਼ਰੂਰ ਰੱਖ ਕੇ ਕਿੱਥੇ ਜਾਓਗੇ?ਜੇ ਚਾਰ ਦਿਨ ਟੱਪ ਵੀ ਗਏ ਤਾਂ ਵੀ,ਸਾਰੀ ਉਮਰ ਪਛਤਾਓਗੇ।

ਹਸਰਤਾਂ ਦਾ ਚੱਕਰ

39 of 39 · contents ↑

ਸਭ ਦੀਆਂ ਆਪਣੀਆਂ ਸੋਚਾਂ ਤੇ,ਸਭ ਦੇ ਆਪਣੇ ਖ਼ਿਆਲ।ਹਰ ਕਿਸੇ ਨੂੰ ਚਾਹੀਦਾ ਕੁਛ ਨਾ ਕੁਛ,ਕਿਸੇ ਨੂੰ ਥੋੜ੍ਹਾ, ਕਿਸੇ ਨੂੰ ਸਭ ਕੁਛ।

ਬੜੀਆਂ ਮਹਲ-ਮਾੜੀਆਂ ਬੰਨ੍ਹ ਕੇ ਵੀ ਪਰੇਸ਼ਾਨ,ਤੇ ਦੂਜੇ ਦੀ ਤਰੱਕੀ ਵੇਖ ਕੇ ਹੈਰਾਨ।ਦੂਜਾ ਅੱਗੇ ਜਾਵੇ ਤੇ ਮੈਨੂੰ ਗੁੱਸਾ,ਮੈਂ ਨਾਰਾਜ਼ ਜੇ, ਤਾਂ ਉਹ ਹੱਸਾ।

ਕਿੱਥੇ ਜਾਵਾਂਗਾ ਏਹ ਵੈਰ-ਭਰਮ ਲੈ ਕੇ?ਇੱਕ ਤੋਂ ਬਾਅਦ ਹੋਰ ਖ਼ਵਾਹਿਸ਼ਾਂ ਲੈ ਕੇ।ਜੋ ਹਾਸਿਲ ਹੈ, ਉਸ ਲਈ ਸ਼ੁਕਰਗੁਜ਼ਾਰ ਨਹੀਂ,ਪਰ ਜੋ ਦੂਰ ਹੈ, ਉਸ ਲਈ ਖ਼ੁਦਗਰਜ਼ ਹੋ ਕੇ।

ਹੁਣ ਵੀ ਸੰਭਲ ਜਾ ਵੇ ਬੰਦਿਆ!ਖੁਸ਼ ਰਹਿ, ਨੇਕੀ ਕਰ,ਰੱਬ ਦਾ ਕਰ ਸ਼ੁਕਰਾਨਾ।ਜੇ ਕਿਧਰੇ ਏਹ ਵੀ ਸਮਾਂ ਲੰਘ ਗਿਆ,ਪਰ ਤੇਰੀਆਂ ਹਸਰਤਾਂ ਨਾ ਮੁੱਕੀਆਂ,ਤਾਂ ਮੁੜ-ਮੁੜ ਕੇ ਇਸ ਘਰ ਪਏਗਾ ਆਉਣਾ।